ਚੰਡੀਗੜ੍ਹ, 5 ਜੁਲਾਈ 2024: 10 ਜੁਲਾਈ ਨੂੰ ਜਲੰਧਰ ਪੱਛਮੀ (Jalandhar West) ਸੀਟ ‘ਤੇ ਹੋਣ ਵਾਲੀ ਵਿਧਾਨ ਸਭਾ ਚੋਣ ਨੂੰ ਲੈ ਕੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਅੱਜ ਜਲੰਧਰ ਦੇ ਪੁਲਿਸ ਕਮਿਸ਼ਨ, ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਨਾਲ ਬੈਠਕ ਕੀਤੀ ਹੈ | ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਲਈ ਕਿਹਾ ਹੈ |
ਜਲੰਧਰ ਪੱਛਮੀ ਜ਼ਿਮਨੀ ਚੋਣ ‘ਚ ਆਮ ਆਦਮੀ ਪਾਰਟੀ ਵੱਲੋਂ ਮਹਿੰਦਰ ਭਗਤ, ਕਾਂਗਰਸ ਤੋਂ ਸੁਰਿੰਦਰ ਕੌਰ, ਭਾਜਪਾ ਤੋਂ ਸਾਬਕਾ ਵਿਧਾਇਕ ਸ਼ੀਤਲ ਅੰਗੁਰਲ, ਸ਼੍ਰੋਮਣੀ ਅਕਾਲੀ ਦਲ ਤੋਂ ਸੁਰਜੀਤ ਕੌਰ ਅਤੇ ਬਹੁਜਨ ਸਮਾਜ ਪਾਰਟੀ ਵੱਲੋਂ ਬਿੰਦਰ ਕੁਮਾਰ ਚੋਣ ਮੈਦਾਨ ‘ਚ ਹਨ |
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੇ ਕੁੱਲ ਵੋਟਰਾਂ ਦੀ ਗਿਣਤੀ 1 ਲੱਖ 72 ਹਜ਼ਾਰ 20 ਹੈ, ਇਨ੍ਹਾਂ ਵੋਟਰਾਂ ‘ਚ ਬੀਬੀ ਵੋਟਰਾਂ ਦੀ ਗਿਣਤੀ 82 ਹਜ਼ਾਰ ਹੈ, ਜਦਕਿ ਪੁਰਸ਼ ਵੋਟਰਾਂ ਦੀ ਗਿਣਤੀ 89 ਹਜ਼ਾਰ 685 ਹੈ | ਇਸਦੇ ਨਾਲ ਹੀ 873 ਦਿਵਿਆਂਗ ਵੋਟਰ ਹਨ |
ਪੰਜਾਬ ਚੋਣ ਕਮਿਸ਼ਨ ਮੁਤਾਬਕ ਜਲੰਧਰ ਹਲਕੇ (Jalandhar West) ‘ਚ 18 ਤੋਂ 19 ਦੇ 5005 ਨੌਜਵਾਨ ਵੋਟਰ ਹਨ | ਇਨ੍ਹਾਂ ਨੌਜਵਾਨ ਵੋਟਰਾਂ ‘ਚ 2282 ਲੜਕੀਆਂ ਅਤੇ 2723 ਲੜਕੇ ਹਨ | ਇਸ ਤੋਂ ਇਲਾਵਾ 746 ਵੋਟਰ ਅਜਿਹੇ ਹਨ, ਜਿਨ੍ਹਾਂ ਦੀ ਉਮਰ 85 ਸਾਲ ਤੋਂ ਵੱਧ ਹੈ | ਇਸਦੇ ਨਾਲ ਹੀ ਜਲੰਧਰ ਹਲਕੇ ‘ਚ ਕੁੱਲ 181 ਪੋਲਿੰਗ ਸਟੇਸ਼ਨ ਹਨ | 10 ਜੁਲਾਈ ਨੂੰ ਜਲੰਧਰ ਪੱਛਮੀ (Jalandhar West) ਸੀਟ ‘ਤੇ ਵੋਟਿੰਗ ਸਵੇਰੇ 7:00 ਵਜੇ ਤੋਂ ਸ਼ਾਮ 6:00 ਵਜੇ ਤੱਕ ਹੋਵੇਗੀ ਅਤੇ 13 ਜੁਲਾਈ ਨੂੰ ਨਤੀਜਾ ਐਲਾਨਿਆ ਜਾਵੇਗਾ |