ਚੰਡੀਗੜ੍ਹ, 03 ਜੁਲਾਈ 2024: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਅਦਾਲਤ ਵਲੋਂ ਇੱਕ ਹੋਰ ਮਾਮਲੇ ‘ਚ ਰਾਹਤ ਮਿਲੀ | ਇਮਰਾਨ ਖਾਨ ਨੂੰ ਸਰਕਾਰੀ ਖ਼ਜ਼ਾਨੇ ‘ਚੋਂ ਤੋਹਫ਼ੇ ਵੇਚਣ ਦੇ ਮਾਮਲੇ ਦੇ ਤੋਸ਼ਾਖਾਨਾ ਮਾਮਲੇ ‘ਚੋਂ ਬਰੀ ਕਰ ਦਿੱਤਾ ਹੈ | ‘ਜੀਓ ਨਿਊਜ਼ ਲਾਈਵ’ ਮੁਤਾਬਕ ਬੁੱਧਵਾਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਤੋਸ਼ਾਖਾਨਾ ਮਾਮਲੇ ‘ਚ ਇਮਰਾਨ ਖਾਨ ਅਤੇ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ 8 ਜਣਿਆਂ ਨੂੰ ਬਰੀ ਕਰ ਦਿੱਤਾ।
ਫਿਲਹਾਲ ਇਮਰਾਨ (Imran Khan) ਜੇਲ੍ਹ ‘ਚ ਹੀ ਰਹਿਣਗੇ, ਦਰਅਸਲ ਪਾਕਿਸਤਾਨ ‘ਚ ਇਸ ਸਾਲ ਫਰਵਰੀ ‘ਚ ਹੋਈਆਂ ਚੋਣਾਂ ਤੋਂ ਕੁਝ ਦਿਨ ਪਹਿਲਾਂ ਇਮਰਾਨ ਨੂੰ 3 ਮਾਮਲਿਆਂ ‘ਚ ਕੁੱਲ 31 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸ ਤੋਂ ਇੱਕ ਦਿਨ ਪਹਿਲਾਂ ਇਮਰਾਨ ਖਾਨ ਦੀ ਘਰਵਾਲੀ ਬੁਸ਼ਰਾ ਬੀਬੀ ਨੂੰ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ‘ਚ ਜ਼ਮਾਨਤ ਮਿਲੀ ਹੈ |
ਜਿਕਰਯੋਗ ਹੈ ਕਿ ਇਮਰਾਨ ਖਾਨ ਨੂੰ 5 ਅਗਸਤ 2023 ਨੂੰ ਤੋਸ਼ਾਖਾਨਾ ਕੇਸ ‘ਚ 3 ਸਾਲ ਦੀ ਸਜ਼ਾ ਸੁਣਾਈ ਗਈ ਸੀ। ਇਸਲਾਮਾਬਾਦ ਦੀ ਹੇਠਲੀ ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਖਾਨ ‘ਤੇ 5 ਸਾਲ ਲਈ ਚੋਣ ਲੜਨ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਲਾਹੌਰ ਪੁਲਿਸ ਨੇ ਇਮਰਾਨ ਨੂੰ ਗ੍ਰਿਫਤਾਰ ਕਰ ਲਿਆ ਸੀ ।