ਚੰਡੀਗੜ੍ਹ, 01 ਜੁਲਾਈ 2024: ਪੰਜਾਬ ਦੇ ਸਿਹਤ ਮੰਤਰੀ ਡਾ: ਬਲਬੀਰ ਸਿੰਘ (Dr. Balbir Singh) ਨੇ ਦੇਸ਼ ਭਰ ਦੇ ਲੋਕਾਂ ਲਈ ਸਸਤੀਆਂ ਅਤੇ ਮਿਆਰੀ ਦਵਾਈਆਂ ਉਪਲਬੱਧ ਕਰਵਾਉਣ ਲਈ ਇੱਕੋ ਜਿਹੇ ਸਾਲਟ ਵਾਲੀਆਂ ਦਵਾਈਆਂ ਦੀਆਂ ਕੀਮਤਾਂ ‘ਚ ਅਸਮਾਨਤਾਵਾਂ ਲਿਆਉਣ ਦਾ ਮੁੱਦਾ ਚੁੱਕਿਆ ਹੈ | ਉਹ ਕੇਂਦਰੀ ਡਰੱਗ ਸਟੈਂਡਰਡਜ਼ ਕੰਟਰੋਲ ਆਰਗੇਨਾਈਜ਼ੇਸ਼ਨ ਤੇ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪ੍ਰੋਗਰਾਮ ‘ਚ ਇਹ ਬਿਆਨ ਦਿੱਤਾ ਹੈ |
ਇਹ ਖੇਤਰੀ ਸਿਖਲਾਈ ਪ੍ਰੋਗਰਾਮ ਉੱਤਰੀ ਸੂਬਿਆਂ ਦੇ ਡਰੱਗ ਰੈਗੂਲੇਟਰਾਂ ਦੀ ਸਮਰੱਥਾ ਨਿਰਮਾਣ’ ਵਿਸ਼ੇ ’ਤੇ ਅਧਾਰਿਤ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮੁੱਦੇ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਮੁੱਦੇ ਬਾਰੇ ਡਾ: ਬਲਬੀਰ ਸਿੰਘ ਪਹਿਲਾਂ ਵੀ ਕੇਂਦਰੀ ਸਿਹਤ ਮੰਤਰੀ ਕੋਲ ਮੁੱਦਾ ਉਠਾ ਚੁੱਕੇ ਹਨ | ਉਨ੍ਹਾਂ ਨੇ ਬਜ਼ਾਰ ‘ਚ ਮਿਲਣ ਵਾਲੀਆਂ ਦਵਾਈਆਂ ਦੀ ਗੁਣਵੱਤਾ ‘ਤੇ ਵੀ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਸ ਨਾਲ ਨਜਿੱਠਣ ਲਈ ਠੋਸ ਨੀਤੀ ਬਣਾਉਣ ਦੀ ਅਪੀਲਮ ਕੀਤੀ ਹੈ |
ਸਿਹਤ ਮੰਤਰੀ ਡਾ: ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਭਾਰਤੀ ਫਾਰਮਾਸਿਊਟੀਕਲ ਸਨਅਤ ਨੇ ਦੁਨੀਆ ਭਰ ‘ਚ ਉੱਚ ਗੁਣਵੱਤਾ ਵਾਲੀਆਂ ਅਤੇ ਸਸਤੀਆਂ ਦਵਾਈਆਂ ਨੂੰ ਯਕੀਨੀ ਬਣਾ ਕੇ ਮਹੱਤਵਪੂਰਨ ਯੋਗਦਾਨ ਦਿੱਤਾ ਹੈ | ਉਨ੍ਹਾਂ ਕਿਹਾ ਭਾਰਤ ਜੈਨਰਿਕ ਦਵਾਈਆਂ ‘ਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਕੀਮਤ ਦੇ ਲਿਹਾਜ਼ ਨਾਲ 10ਵੇਂ ਸਥਾਨ ’ਤੇ ਹੈ। ਦੁਨੀਆ ‘ਚ ਵਰਤੀ ਜਾਂਦੀ ਦਵਾਈ ‘ਚੋਂ 5ਵੀਂ ਗੋਲੀ ਭਾਰਤ ‘ਚ ਤਿਆਰ ਕੀਤੀ ਜਾਂਦੀ ਹੈ।