Shiromani Akali Dal

Akali Dal: ਸ਼੍ਰੋਮਣੀ ਅਕਾਲੀ ਦਲ ‘ਚ ਬਗਾਵਤ ਤੇਜ਼, ਕਿਉਂ ਹੋ ਰਹੀ ਹੈ ਸੁਖਬੀਰ ਬਾਦਲ ਤੋਂ ਪ੍ਰਧਾਨਗੀ ਛੱਡਣ ਦੀ ਮੰਗ ?

ਚੰਡੀਗੜ੍ਹ, 25 ਜੂਨ 2024: ਲੋਕ ਸਭਾ ਚੋਣਾਂ 2024 ‘ਚ ਮਿਲੀ ਹਾਰ ਤੋਂ ਬਾਅਦ ਹੁਣ ਸ਼੍ਰੋਮਣੀ ਅਕਾਲੀ ਦਲ (Shiromani Akali Dal) ‘ਚ ਬਗਾਵਤ ਸ਼ੁਰੂ ਹੋ ਗਈ ਹੈ | ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਅੱਜ ਜਲੰਧਰ ‘ਚ ਬੈਠਕ ਕੀਤੀ ਹੈ | ਇਸ ਬੈਠਕ ‘ਚ ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਪ੍ਰੇਮ ਐਸ ਚੰਦੂਮਾਜਰਾ ਤੇ ਹੋਰ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਰਹੇ |

ਇਸਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal)ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਵੱਖਰੀ ਬੈਠਕ ਸੱਦ ਲਈ | ਪ੍ਰੇਮ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਅੱਜ ਬੈਠਕ ਦੌਰਾਨ ਇਸ ਗੱਲ ‘ਤੇ ਚਰਚਾ ਹੋਈ ਹੈ ਕਿ ਅਕਾਲੀ ਦਲ ਪਾਰਟੀ ਇੰਨੀ ਕਮਜ਼ੋਰ ਕਿਉਂ ਹੋ ਗਈ | ਉਨ੍ਹਾਂ ਕਿਹਾ ਅੱਜ ਸਾਡੀ ਪਾਰਟੀ ਅਰਸ਼ ਤੋਂ ਫਰਸ਼ ‘ਤੇ ਆ ਗਈ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਮੌਜੂਦਾ ਹਾਲਤ ਦੇਖਦੇ ਹੋਏ ਪ੍ਰਧਾਨ ਦੀ ਕੁਰਸੀ ਛੱਡ ਦੇਣੀ ਚਾਹੀਦੀ ਹੈ |

ਚੰਦੂਮਾਜਰਾ ਨੇ ਕਿਹਾ ਕਿ ਅੱਜ ਅਕਾਲੀ ਦਲ ਪਾਰਟੀ ਨੂੰ ਇਸ ਦੀ ਪੁਰਾਣੀ ਨੀਂਹ ‘ਤੇ ਲਿਆਉਣ ਲਈ ਬਦਲਾਅ ਜ਼ਰੂਰੀ ਹੈ। ਇਸਦੇ ਨਾਲ ਹੀ 1 ਜੁਲਾਈ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਚਾਓ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ | ਚੰਦੂਮਾਜਰਾ ਨੇ ਕਿਹਾ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹਨ ਕਿ ਉਹ ਵਰਕਰਾਂ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਨਾ ਕਰਨ, ਸਗੋਂ ਉਨ੍ਹਾਂ ਨੂੰ ਸਮਝਣ।

ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਵਿਖੇ ਬੈਠਕ ਦੌਰਾਨ ਨੇ ਭਾਜਪਾ ਨਾਲ ਗਠਜੋੜ ਨਾ ਕਰਨ ਦੇ ਫੈਸਲੇ ਦੀ ਸ਼ਲਾਘਾ ਕੀਤੀ ਹੈ। ਅਕਾਲੀ ਦਲ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਨੇ ਦੋਸ਼ ਲਾਇਆ ਹੈ ਕਿ ਸਰਕਾਰ ਪੰਥ ਅਤੇ ਪੰਜਾਬ ਨੂੰ ਆਗੂ ਰਹਿਤ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਜ਼ਿਲ੍ਹਾ ਪ੍ਰਧਾਨਾਂ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਜਾਂ ਤੋੜਨ ਦੀਆਂ ਕੋਸ਼ਿਸ਼ਾਂ ਪਿੱਛੇ ਭਾਜਪਾ ਅਤੇ ਏਜੰਸੀਆਂ ਦਾ ਹੱਥ ਹੈ।

 

Scroll to Top