ਚੰਡੀਗੜ 25 ਜੂਨ 2024: ਭਾਜਪਾ ਸਰਕਾਰ ਅਤੇ ਇੰਡੀਆ ਗਠਜੋੜ ਦਰਮਿਆਨ ਜ਼ੁਬਾਨੀ ਜੰਗ ਜਾਰੀ ਹੈ | ਦੋਵੇਂ ਧਿਰ ਇੱਕ ਦੂਜੇ ‘ਤੇ ਵੱਖ-ਵੱਖ ਮੁੱਦਿਆਂ ‘ਤੇ ਪਲਟਵਾਰ ਕਰ ਰਹੇ ਹਨ | ਇਸ ਦੌਰਾਨ 1975 ‘ਚ ਲਗਾਈ ਐਮਰਜੈਂਸੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ‘ਤ ਤਿੱਖੇ ਨਿਸ਼ਾਨੇ ਸਾਧੇ | ਇਸਦੇ ਨਾਲ ਹੀ ਭਾਜਪਾ ਦੇ ਹੋਰ ਆਗੂਆਂ ਨੇ ਕਾਂਗਰਸ ਸਰਕਾਰ ਵੇਲੇ ਐਮਰਜੈਂਸੀ ਲਗਾਉਣ ਦੀ ਨਿਖੇਧੀ ਕੀਤੀ |
ਇਸ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਵਿਰੋਧੀ ਪਾਰਟੀ ਨੇ “ਇੱਕ ਖਾਸ ਪਰਿਵਾਰ ਨੂੰ ਸੱਤਾ ‘ਚ ਰੱਖਣ” ਲਈ ਸੰਵਿਧਾਨ ਦੀ ਭਾਵਨਾ ਨੂੰ ਕਈ ਵਾਰ ਲਤਾੜਿਆ ਹੈ। ਸਾਲ 1975 ਦੀ ਐਮਰਜੈਂਸੀ ਦੀ 49ਵੀਂ ਵਰ੍ਹੇਗੰਢ ‘ਤੇ ਅਮਿਤ ਸ਼ਾਹ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਪਾਰਟੀ ਦਾ ‘ਯੁਵਰਾਜ’ ਕਿਹਾ। ਉਨ੍ਹਾਂ ਕਿਹਾ ਕਿ ਉਹ ਭੁੱਲ ਗਏ ਹਨ ਕਿ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਗਾਈ ਸੀ। ਉਨ੍ਹਾਂ ਦੇ ਪਿਓ ਰਾਜੀਵ ਗਾਂਧੀ ਨੇ 23 ਜੁਲਾਈ 1985 ਨੂੰ ਸੰਸਦ ‘ਚ ਕਿਹਾ ਸੀ ਕਿ “ਐਮਰਜੈਂਸੀ ‘ਚ ਕੁਝ ਵੀ ਗਲਤ ਨਹੀਂ ਹੈ”।
ਅਮਿਤ ਸ਼ਾਹ (Amit Shah) ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇੱਕ ਪਰਿਵਾਰ ਨੂੰ ਸੱਤਾ ਦੇਣ ਲਈ ਲੋਕਾਂ ਦੇ ਨਾਗਰਿਕ ਅਧਿਕਾਰਾਂ ਨੂੰ 21 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵਿਰੋਧੀ ਪਾਰਟੀ ਵੱਲੋਂ ਲੋਕਤੰਤਰ ਦਾ ਕਤਲ ਕਰਨ ਅਤੇ ਵਾਰ-ਵਾਰ ਇਸ ਨੂੰ ਨੁਕਸਾਨ ਪਹੁੰਚਾਉਣ ਦੀ ਸਭ ਤੋਂ ਵੱਡੀ ਮਿਸਾਲ ਹੈ। ਇਸ ਦੌਰਾਨ ਅਮਿਤ ਸ਼ਾਹ ਨੇ ਐਮਰਜੈਂਸੀ ਵਿਰੁੱਧ ਲੜਨ ਵਾਲਿਆਂ ਨੂੰ ਸ਼ਰਧਾਂਜਲੀ ਦਿੱਤੀ। ਸ਼ਾਹ ਕਿਹਾ ਕਿ ਮੀਡੀਆ ‘ਤੇ ਸੈਂਸਰਸ਼ਿਪ ਲਗਾਈ ਗਈ, ਸੰਵਿਧਾਨ ‘ਚ ਸੋਧ ਕੀਤੀ ਗਈ ਅਤੇ ਇੱਥੋਂ ਤੱਕ ਕਿ ਨਿਆਂਪਾਲਿਕਾ ‘ਤੇ ਵੀ ਲਗਾਮ ਲਗਾ ਦਿੱਤੀ ਗਈ।