ਚੰਡੀਗੜ੍ਹ, 22 ਜੂਨ 2024: ਮਰਚੈਂਟ ਨੇਵੀ (Merchant Navy) ‘ਚ ਭਰਤੀ ਪੰਜਾਬੀ ਨੌਜਵਾਨ ਹਰਜੋਤ ਸਿੰਘ ਪਿਛਲੇ 6 ਦਿਨਾਂ ਤੋਂ ਲਾਪਤਾ ਹੈ। ਉਕਤ ਨੌਜਵਾਨ ਪਿਛਲੇ 9 ਸਾਲਾਂ ਤੋਂ ਭਾਰਤੀ ਜਲ ਫੌਜ ‘ਚ ਸੇਵਾ ਨਿਭਾ ਰਿਹਾ ਸੀ। ਹਰਜੋਤ ਦੇ ਲਾਪਤਾ ਹੋਣ ਦੀ ਘਟਨਾ ਕਾਰਨ ਪੂਰਾ ਪਰਿਵਾਰ ਪਰੇਸ਼ਾਨ ਹੈ |
ਹਰਜੋਤ ਸਿੰਘ ਦੇ ਪਰਿਵਾਰ ਨੇ ਇਸ ਮਾਮਲੇ ‘ਚ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਭਾਲ ਕਰ ਕੇ ਘਰ ਵਾਪਸ ਲਿਆਂਦਾ ਜਾਵੇ। ਹਰਜੋਤ ਸਿੰਘ ਦੇ ਪਿਓ ਦਾ ਕਹਿਣਾ ਹੈ ਕਿ ਹਰਜੋਤ ਸਿੰਘ 9 ਸਾਲ ਪਹਿਲਾਂ ਮਰਚੈਂਟ ਨੇਵੀ ‘ਚ ਭਰਤੀ ਹੋਇਆ ਸੀ। ਹਰਜੋਤ ਨੇ ਤਿੰਨ ਸਾਲ ਮਰਚੈਂਟ ਨੇਵੀ (Merchant Navy) ‘ਚ ਕੰਮ ਕੀਤਾ ਅਤੇ ਫਿਰ ਥਰਡ ਅਫ਼ਸਰ ਵਜੋਂ ਤਾਇਨਾਤ ਹੋ ਗਿਆ, ਪਰ ਪਿਛਲੇ ਸਾਲ ਉਸ ਦੇ ਕੰਮ ਨੂੰ ਦੇਖਦੇ ਹੋਏ ਵਿਭਾਗ ਨੇ ਉਸ ਨੂੰ ਸੈਕਿੰਡ ਅਫ਼ਸਰ ਬਣਾ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਆਖਰੀ ਵਾਰ ਹਰਜੋਤ ਸਿੰਘ ਨਾਲ 16 ਤਾਰੀਖ਼ ਨੂੰ ਗੱਲ ਹੋਈ ਸੀ, ਇਸਤੋਂ ਬਾਅਦ ਹਰਜੋਤ ਨਾਲ ਕੋਈ ਸੰਪਰਕ ਨਹੀਂ ਹੋਇਆ | ਦੂਜੇ ਪਾਸੇ ਪੰਜਾਬ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਸ਼ਿਪਿੰਗ ਮਨਿਸਟਰ ਨਾਲ ਗੱਲਬਾਤ ਕਰਕੇ ਪਰਿਵਾਰ ਦੀ ਹਰ ਸੰਭਵ ਮੱਦਦ ਕਰੇਗੀ |