ਲੁਧਿਆਣਾ, 17 ਜੂਨ 2024: ਬੁੱਢੇ ਦਰਿਆ ਦੇ ਪ੍ਰਦੂਸ਼ਣ ਬਾਰੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਨਰੋਆ ਪੰਜਾਬ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਚੰਦਬਾਜਾ ਅਤੇ ਪੀਏਸੀ ਮੱਤੇਵਾੜਾ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਬੁੱਢੇ ਦਰਿਆ (Budha Dariya) ਵਿੱਚ ਪ੍ਰਦੂਸ਼ਣ ਦਾ ਮਸਲਾ ਬਹੁਤ ਗੰਭੀਰ ਮਸਲਾ ਹੈ ਜੋ ਪੰਜਾਬ ਦੀ ਹੋਂਦ ਨਾਲ ਜੁੜਿਆ ਹੈ। ਲੋਕਾਂ ਨੂੰ ਝਾੜੂ ਵਾਲੀ ਸਰਕਾਰ ਤੋਂ ਬਹੁਤ ਆਸਾਂ ਸਨ ਕਿਉਂਕਿ ਇਹਨਾਂ ਦੇ ਲੀਡਰ ਸਰਕਾਰ ਬਣਨ ਤੋਂ ਪਹਿਲਾਂ ਸਮਾਜ ਸੇਵੀ ਸੰਸਥਾਵਾਂ ਨਾਲ ਇਹਨਾਂ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਚੁੱਕਦੇ ਰਹੇ ਸਨ।
ਮੌਜੂਦਾ ਵਿਧਾਨ ਸਭਾ ਬਣਨ ਤੋਂ ਬਾਅਦ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬੁੱਢੇ ਦਰਿਆ ਬਾਰੇ ਖਾਸ ਇੱਕ 10 ਮੈਂਬਰੀ ਕਮੇਟੀ ਨਵੇਂ ਬਣੇ ਵਿਧਾਇਕਾਂ ਦੀ ਬਣਾਈ ਗਈ ਸੀ ਜਿਸ ਦਾ ਕੰਮ ਬੁੱਢੇ ਦਰਿਆ ਦੀ ਮੁੜ ਸੁਰਜੀਤੀ ਨੂੰ ਕਰਵਾਉਣਾ ਸੀ। ਇਹ ਕਮੇਟੀ ਦੇ ਚੇਅਰਮੈਨ ਸਰਦਾਰ ਦਲਜੀਤ ਸਿੰਘ ਭੋਲਾ ਐਮਐਲਏ ਲੁਧਿਆਣਾ ਪੂਰਬੀ ਨੂੰ ਲਗਾਇਆ ਗਿਆ ਸੀ।
ਇਹ ਕਮੇਟੀ ਕੇਵਲ ਬੈਠਕਾਂ ਤੱਕ ਹੀ ਸੀਮਤ ਰਹਿ ਗਈ ਅਤੇ ਜ਼ਮੀਨੀ ਪੱਧਰ ‘ਤੇ ਕੁਝ ਵੀ ਹਾਸਲ ਨਹੀਂ ਕਰ ਸਕੀ। ਹੋਰ ਤਾਂ ਹੋਰ ਜੋ ਪਿਛਲੀ ਸਰਕਾਰ ਨੇ 840 ਕਰੋੜ ਦਾ ਪ੍ਰੋਜੈਕਟ ਬੁੱਢੇ ਦਰਿਆ ਦੀ ਮੁੜ ਸੁਰਜੀਤੀ ਲਈ ਸ਼ੁਰੂ ਕੀਤਾ ਸੀ | ਉਸ ਨੂੰ ਵੀ ਸਮੇਂਬੱਧ ਤਰੀਕੇ ਨਾਲ ਨੇਪਰੇ ਚਾੜ੍ਹਨ ਵਿੱਚ ਫੇਲ ਰਹੀ। ਇਹ ਮਸਲਾ ਪੰਜਾਬੀਆਂ ਦੀ ਸਿਹਤ ਨਾਲ ਹੋ ਰਹੇ ਕੋਝੇ ਮਜ਼ਾਕ ਦਾ ਹੀ ਨਹੀਂ ਹੈ | ਸਗੋਂ ਉਹਨਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਹੋ ਰਹੀ ਨਸਲਕੁਸ਼ੀ ਦਾ ਵੀ ਹੈ। ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਵੱਡੇ ਪੱਧਰ ‘ਤੇ ਇਸ ਮਸਲੇ ਨੂੰ ਹੱਲ ਕਰਾਉਣ ਲਈ ਲੋਕਾਂ ਵੱਲੋਂ ਸੰਘਰਸ਼ ਵਿੱਢਿਆ ਜਾਵੇ।
ਇਸ ਬਾਰੇ ਅੱਗੇ ਦੀ ਰਣਨੀਤੀ ਸਾਂਝੀ ਕਰਦਿਆਂ ਪੀਏਸੀ ਦੇ ਜਸਕੀਰਤ ਸਿੰਘ ਨੇ ਦੱਸਿਆ ਕਿ ਭਲਕੇ 18 ਜੂਨ 2024 ਨੂੰ ਸਵੇਰੇ ਪਿੰਡ ਵਲੀਪੁਰ ਵਿਖੇ ਸਤਲੁੱਜ ਅਤੇ ਬੁੱਢੇ ਦਰਿਆ (Budha Dariya) ਦੇ ਸੰਗਮ ਤੇ ਇੱਕ ਬੈਠਕ ਰੱਖੀ ਗਈ ਹੈ | ਜਿਸ ਵਿੱਚ ਪੰਜਾਬ ਵਿੱਚ ਵਾਤਾਵਰਨ ਤੇ ਕੰਮ ਕਰਨ ਵਾਲੀਆਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇਸ ਮਸਲੇ ਤੇ ਇੱਕ ਸਾਂਝੀ ਵਿਓਂਤਬੰਦੀ ਕਰਨ ਲਈ ਸੱਦਾ ਦਿੱਤਾ ਗਿਆ ਹੈ।
ਇਸ ਵਿੱਚ ਲੱਖਾ ਸਿੰਘ ਸਿਧਾਣਾ, ਕਮਲਜੀਤ ਸਿੰਘ ਬਰਾੜ, ਦਲੇਰ ਸਿੰਘ ਡੋਡ, ਅਮਿਤੋਜ ਮਾਨ, ਜਸਕੀਰਤ ਸਿੰਘ ਅਤੇ ਮਹਿੰਦਰਪਾਲ ਲੂੰਬਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਤਾਵਰਨ ਕਾਰਕੁਨ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਦੱਖਣੀ ਪੰਜਾਬ ਦੇ ਸਾਰੇ ਲੋਕਾਂ ਅਤੇ ਆਗੂ ਸਾਹਿਬਾਨ ਨੂੰ ਖਾਸ ਤੌਰ ‘ਤੇ ਅਪੀਲ ਕਰਦੇ ਹਾਂ ਕਿ ਸਾਰੇ ਮਿਲ ਕੇ ਪੰਜਾਬ ਦੇ ਇਸ ਅਤਿ ਜਰੂਰੀ ਮਸਲੇ ‘ਤੇ ਆਵਾਜ਼ ਬੁਲੰਦ ਕਰੀਏ ਤਾਂ ਕਿ ਸਰਕਾਰਾਂ ਨੂੰ ਲੋਕਾਂ ਦੇ ਦਰਦ ਦੀ ਆਵਾਜ਼ ਸੁਣ ਸਕੇ।