ਚੰਡੀਗੜ੍ਹ, 17 ਜੂਨ 2024: ਜੀ-7 ਸਿਖਰ ਸੰਮੇਲਨ ਲਈ ਇਟਲੀ ਪਹੁੰਚੇ ਪੀਐਮ ਮੋਦੀ ਨੇ ਪੋਪ ਫਰਾਂਸਿਸ ਨਾਲ ਮੁਲਾਕਾਤ ਕੀਤੀ। ਕਾਂਗਰਸ (Congress) ਨੇ ਪੀਐਮ ਮੋਦੀ ਅਤੇ ਪੋਪ ਫ੍ਰਾਂਸਿਸ ਦੀ ਮੁਲਾਕਾਤ ‘ਤੇ ਮਜ਼ਾਕ ਉਡਾਇਆ ਸੀ, ਜਿਸ ‘ਤੇ ਹੁਣ ਉਸ ਨੂੰ ਸਪੱਸ਼ਟੀਕਰਨ ਦੇਣਾ ਪਿਆ ਹੈ।
ਦਰਅਸਲ, ਕੇਰਲ ਕਾਂਗਰਸ ਨੇ ਪੋਪ ਅਤੇ ਪੀਐਮ ਮੋਦੀ ਦੀ ਮੁਲਾਕਾਤ ਦੀ ਫੋਟੋ ਨੂੰ ਲੈ ਕੇ ਟਿੱਪਣੀ ਕੀਤੀ ਸੀ। ਇਸ ਪੋਸਟ ‘ਚ ਕਿਹਾ ਗਿਆ, ‘ਆਖ਼ਰਕਾਰ ਪੋਪ ਨੂੰ ਭਗਵਾਨ ਨੂੰ ਮਿਲਣ ਦਾ ਮੌਕਾ ਮਿਲਿਆ।’ ਕਾਂਗਰਸ ਦੀ ਇਹ ਟਿੱਪਣੀ ਦੇਸ਼ ਵਿੱਚ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਇੱਕ ਬਿਆਨ ਨੂੰ ਲੈ ਕੇ ਆਇਆ ਹੈ।
ਕਾਂਗਰਸ (Congress) ਦੇ ਇਸ ਪੋਸਟ ਤੋਂ ਬਾਅਦ ਭਾਜਪਾ ਨੇ ਇਸਾਈ ਧਰਮ ਦਾ ਅਪਮਾਨ ਕਰਨ ਦਾ ਇਲਜ਼ਾਮ ਲਗਾਇਆ, ਜਿਸ ਤੋਂ ਬਾਅਦ ਕਾਂਗਰਸ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਧਰਮ ਦਾ ਅਪਮਾਨ ਕਰਨਾ ਉਨ੍ਹਾਂ ਦੀ ਰਵਾਇਤ ਨਹੀਂ ਹੈ।
ਭਾਜਪਾ ਆਗੂ ਅਮਿਤ ਮਾਲਵੀਆ ਨੇ ਕਿਹਾ ਕਿ ਜਿਹੜੀ ਪਾਰਟੀ ਹਿੰਦੂਆਂ ਦਾ ਮਜ਼ਾਕ ਉਡਾਉਂਦੀ ਸੀ, ਉਹ ਹੁਣ ਈਸਾਈਆਂ ਦਾ ਅਪਮਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ ਸੋਨੀਆ ਗਾਂਧੀ, ਜੋ ਲੰਬੇ ਸਮੇਂ ਤੱਕ ਕਾਂਗਰਸ ਦੀ ਪ੍ਰਧਾਨ ਰਹੀ, ਖੁਦ ਕੈਥੋਲਿਕ ਹੈ।
ਇਸ ਤੋਂ ਬਾਅਦ ਕੇਰਲ ਕਾਂਗਰਸ ਨੇ ਅਗਲੀ ਪੋਸਟ ‘ਚ ਲਿਖਿਆ, ‘ਪੂਰਾ ਦੇਸ਼ ਜਾਣਦਾ ਹੈ ਕਿ ਕਾਂਗਰਸ ਪਾਰਟੀ ਕਦੇ ਵੀ ਕਿਸੇ ਧਰਮ, ਧਾਰਮਿਕ ਭਾਈਚਾਰੇ, ਧਾਰਮਿਕ ਪੁਜਾਰੀਆਂ ਦਾ ਅਪਮਾਨ ਨਹੀਂ ਕਰਦੀ। ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਚੱਲਦੇ ਹਾਂ ਅਤੇ ਕੋਈ ਵੀ ਕਾਂਗਰਸੀ ਵਰਕਰ ਪੋਪ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਜਿਸ ਨੂੰ ਦੁਨੀਆ ਭਰ ਦੇ ਈਸਾਈ ਆਪਣੇ ਰੱਬ ਦੇ ਬਰਾਬਰ ਸਮਝਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਮੋਦੀ ਅਤੇ ਉਨ੍ਹਾਂ ਦੇ ਸਾਥੀ ਸੱਚਮੁੱਚ ਈਸਾਈ ਲੋਕਾਂ ਨੂੰ ਪਿਆਰ ਕਰਦੇ ਹਨ ਤਾਂ ਉਨ੍ਹਾਂ ਨੂੰ ਮਣੀਪੁਰ ਵਿੱਚ ਚਰਚਾਂ ਨੂੰ ਸਾੜਨ ‘ਤੇ ਵੀ ਬੋਲਣਾ ਚਾਹੀਦਾ ਹੈ ਅਤੇ ਉਨ੍ਹਾਂ ਲੋਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਸਾਡੀ ਪੋਸਟ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਅਸੀਂ ਮੁਆਫ਼ੀ ਚਾਹੁੰਦੇ ਹਾਂ।