ਪਟਿਆਲਾ, 11 ਜੂਨ 2024: ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਪਟਿਆਲਾ (Patiala) ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਅੱਜ ਜ਼ਿਲ੍ਹੇ ਵਿਚੋਂ ਲੰਘਦੇ ਘੱਗਰ, ਟਾਂਗਰੀ ਤੇ ਮਾਰਕੰਡਾ ਦਰਿਆਵਾਂ ਸਮੇਤ ਪੱਚੀ ਦਰਾ, ਛੋਟੀ ਤੇ ਵੱਡੀ ਨਦੀ ਦਾ ਦੌਰਾ ਕਰਕੇ ਹੜ੍ਹ ਰੋਕੂ ਕੰਮਾਂ ਦਾ ਨਿਰੀਖਣ ਕੀਤਾ।
ਉਨ੍ਹਾਂ ਨੇ ਸਰਾਲਾ ਹੈਡ ਸਮੇਤ ਰਸੌਲੀ, ਸਾਗਰਾ, ਅਰਨੇਟੂ ਵਿਖੇ ਘੱਗਰ (Patiala) ਦਾ ਜਾਇਜ਼ਾ ਲਿਆ। ਦੇਵੀਗੜ੍ਹ ਨੇੜੇ ਟਾਂਗਰੀ ਤੇ ਦੂਧਨ ਗੁੱਜਰਾਂ ਵਿਖੇ ਹੜ੍ਹ ਰੋਕੂ ਪ੍ਰਬੰਧਾਂ ਨੂੰ ਮੌਕੇ ‘ਤੇ ਜਾ ਕੇ ਦੇਖਣ ਸਮੇਤ ਉਨ੍ਹਾਂ ਨੇ ਸਰਾਲਾ ਸਾਇਫ਼ਨ, ਖ਼ਰਾਜਪੁਰਾ, ਰਾਜਪੁਰਾ ਸਮੇਤ ਵੱਡੀ ਨਦੀ ਤੇ ਛੋਟੀ ਨਦੀ ਦਾ ਜਾਇਜ਼ਾ ਲੈਣ ਲਈ ਦੌਲਤ ਪੁਰ, ਵੱਡੀ ਨਦੀ ‘ਤੇ ਰੇਲਵੇ ਪੁਲ ਤੇ ਰਾਜਪੁਰਾ ਰੋਡ ਪੁਲ ਦਾ ਵੀ ਦੌਰਾ ਕੀਤਾ। ਉਨ੍ਹਾਂ ਦੇ ਨਾਲ ਡਰੇਨੇਜ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਜਿੰਦਰ ਘਈ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਪਿਛਲੇ ਸਾਲ ਹੜ੍ਹਾਂ ਕਰਕੇ ਹੋਏ ਨੁਕਸਾਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤਹਿਤ ਇਸ ਵਾਰ ਹੜ੍ਹਾਂ ਤੋਂ ਬਚਾਅ ਦੇ ਪ੍ਰਬੰਧ ਅਗੇਤੇ ਮੁਕੰਮਲ ਕੀਤੇ ਜਾ ਰਹੇ ਹਨ, ਇਸ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਦਿੱਤੀਆਂ ਹਦਾਇਤਾਂ ਦੇ ਚਲਦਿਆਂ ਉਨ੍ਹਾਂ ਨੇ ਘੱਗਰ ਤੇ ਹੋਰਨਾਂ ਦਰਿਆਵਾਂ ਦੀਆਂ ਨਾਜ਼ੁਕ ਥਾਵਾਂ ਦਾ ਖ਼ੁਦ ਦੌਰਾ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਸਥਾਨਕ ਨਿਵਾਸੀਆਂ ਨਾਲ ਗੱਲਬਾਤ ਕਰਕੇ ਫੀਡਬੈਕ ਵੀ ਲਈ ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੜ੍ਹਾਂ ਦੀ ਰੋਕਥਾਮ ਸਬੰਧੀ ਜਲ ਨਿਕਾਸ ਤੇ ਹੋਰ ਸਬੰਧਤ ਵਿਭਾਗਾਂ ਨੂੰ ਲੋੜੀਂਦੇ ਅਗਾਊਂ ਪ੍ਰਬੰਧ ਪੁਖ਼ਤਾ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਦੇ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪ੍ਰਸ਼ਾਸਨ ਆਗਾਮੀ ਮਾਨਸੂਨ ਸੀਜ਼ਨ ਵਿੱਚ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਰਸੌਲੀ ਤੇ ਅਰਨੇਟੂ ਵਿਖੇ ਜਿੱਥੇ ਪਿਛਲੇ ਸਾਲ ਬੰਨ੍ਹ ਟੁੱਟੇ ਸਨ, ਦਾ ਵੀ ਜਾਇਜ਼ਾ ਲੈ ਕੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਅਰਨੇਟੂ ਵਿਖੇ ਸੜਕ ਦੀ ਲੋੜੀਂਦੀ ਮੁਰੰਮਤ ਲਈ ਲੋਕ ਨਿਰਮਾਣ ਵਿਭਾਗ ਨੂੰ ਆਦੇਸ਼ ਕੀਤੇ ਹਨ।
ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਜ਼ਿਲ੍ਹੇ (Patiala) ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਰਣਨੀਤਕ ਥਾਵਾਂ ‘ਤੇ ਮਿੱਟੀ ਨਾਲ ਭਰੇ ਏ.ਸੀ. ਥੈਲਿਆਂ ਦਾ ਸਟਾਕ ਜਮ੍ਹਾਂ ਕਰਨ ਸਮੇਤ ਮਗਨਰੇਗਾ ਤੇ ਜਲ ਸਰੋਤ ਵਿਭਾਗ ਵੱਲੋਂ ਲੋਂੜੀਦੇ ਬਚਾਅ ਕਾਰਜ ਪਹਿਲਾਂ ਹੀ ਅਰੰਭੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜਲ ਸਰੋਤ ਤੇ ਲੋਕ ਨਿਰਮਾਣ ਵਿਭਾਗ ਨੂੰ ਪਾਣੀ ਦੇ ਵਹਾਅ ਵਿੱਚ ਆਉਣ ਵਾਲੀਆਂ ਰੁਕਾਵਟਾਂ, ਜੋਕਿ ਪਿਛਲੇ ਸਾਲ ਪਛਾਣੀਆਂ ਗਈਆਂ ਸਨ, ਨੂੰ ਵੀ ਦੂਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਬਿਨ੍ਹਾਂ ਡਰੇਨਾਂ ਦੀ ਸਫ਼ਾਈ ਤੇ ਹੋਰ ਪ੍ਰਬੰਧ ਵੀ ਪੁਖ਼ਤਾ ਕੀਤੇ ਜਾ ਰਹੇ ਹਨ।
ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਾਲ ਐਸ.ਡੀ.ਐਮ. ਰਾਜਪੁਰਾ ਜਸਲੀਨ ਕੌਰ ਭੁੱਲਰ, ਐਸ.ਡੀ.ਐਮ. ਦੂਧਨ ਸਾਧਾਂ ਮਨਜੀਤ ਕੌਰ, ਜਲ ਸਰੋਤ ਵਿਭਾਗ ਦੇ ਐਕਸੀਐਨ ਰਾਜਿੰਦਰ ਘਈ, ਐਸ.ਡੀ.ਓ. ਨਿਸ਼ਾਤ ਗਰਗ, ਵਰੁਣ ਗਰਗ ਤੇ ਰਾਘਵ ਗਰਗ ਸਮੇਤ ਸਬੰਧਤ ਇਲਾਕਿਆਂ ਦੇ ਬੀ.ਡੀ.ਪੀ.ਓਜ਼ ਤੇ ਹੋਰ ਅਧਿਕਾਰੀ ਮੌਜੂਦ ਸਨ।