ਚੰਡੀਗੜ੍ਹ, 11 ਜੂਨ 2024: ਜੰਮੂ-ਕਸ਼ਮੀਰ ਦੇ ਰਿਆਸੀ ‘ਚ ਐਤਵਾਰ ਸ਼ਾਮ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਹਮਲੇ ‘ਚ ਡਰਾਈਵਰ ਅਤੇ ਕੰਡਕਟਰ ਸਮੇਤ 10 ਜਣਿਆ ਦੀ ਮੌਤ ਹੋ ਗਈ, ਜਦਕਿ 41 ਜਣੇ ਜ਼ਖਮੀ ਹੋ ਗਏ। ਸੋਮਵਾਰ ਨੂੰ ਬੀਐਸਐਫ ਪੰਜਾਬ ਫਰੰਟੀਅਰ ਨੇ ਪੰਜਾਬ ਸਰਹੱਦ ‘ਤੇ ਚੌਕਸੀ ਵਧਾਉਣ ਲਈ ਉੱਚ ਪੱਧਰੀ ਬੈਠਕ ਕੀਤੀ।
ਬੈਠਕ ਵਿੱਚ ਸਰਹੱਦੀ ਸੁਰੱਖਿਆ ਸਬੰਧੀ ਕਈ ਅਹਿਮ ਮੁੱਦਿਆਂ ’ਤੇ ਚਰਚਾ ਕੀਤੀ ਗਈ। ਜਿਸ ਵਿੱਚ ਸਭ ਤੋਂ ਅਹਿਮ ਰਾਤ ਸਮੇਂ ਗਸ਼ਤ ਵਧਾਉਣਾ ਸੀ। ਰਾਤ ਦੀ ਗਸ਼ਤ ਕਰਨ ਵਾਲੇ ਮੁਲਾਜ਼ਮਾਂ ਨੂੰ ਨਾਈਟ ਵਿਜ਼ਨ ਕੈਮਰਾ ਸਿਸਟਮ ਸਮੇਤ ਵੱਖ-ਵੱਖ ਉਪਕਰਨ ਮੁਹੱਈਆ ਕਰਵਾਏ ਜਾਣਗੇ। ਤਾਂ ਜੋ ਸਰਹੱਦ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਬੀਐਸਐਫ ਪੰਜਾਬ ਫਰੰਟੀਅਰ ਬਟਾਲੀਅਨ ਜੋ ਕਿ ਲੋਕ ਸਭਾ ਚੋਣਾਂ ਲਈ ਡਿਊਟੀ ’ਤੇ ਗਈ ਸੀ ਦੀ ਵਾਪਸੀ ਮਗਰੋਂ ਸਰਹੱਦ ’ਤੇ ਤਾਇਨਾਤੀ ਬਾਰੇ ਵੀ ਚਰਚਾ ਹੋਈ।
ਪੰਜਾਬ ਬੀਐਸਐਫ ਫਰੰਟੀਅਰ ਹੈੱਡਕੁਆਰਟਰ, ਜਲੰਧਰ ਵਿਖੇ ਫਰੰਟੀਅਰ ਦੇ ਸਾਰੇ ਸੈਕਟਰ ਡੀਆਈਜੀਜ਼ ਅਤੇ ਕਮਾਂਡੈਂਟਾਂ ਦੀ ਬੈਠਕ ਹੋਈ। ਜਿਸ ਦੀ ਪ੍ਰਧਾਨਗੀ ਆਈ.ਪੀ.ਐਸ.ਆਈ.ਜੀ ਡਾ.ਅਤੁਲ ਫੁਲਜੇਲੇ ਨੇ ਕੀਤੀ। ਬੈਠਕ ਵਿੱਚ ਵੱਖ-ਵੱਖ ਅਹਿਮ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਵਿੱਚ ਤਸਕਰੀ ਨਾਲ ਨਜਿੱਠਣ ਲਈ ਨਵੀਆਂ ਰਣਨੀਤੀਆਂ, ਤਕਨਾਲੋਜੀ ਦੀ ਵਰਤੋਂ ਅਤੇ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਅਤੇ ਸੁਰੱਖਿਆ ਨੂੰ ਵਧਾਉਣਾ ਸ਼ਾਮਲ ਹੈ।