ਚੰਡੀਗੜ੍ਹ, 10 ਜੂਨ 2024: ਅਦਾਕਾਰ ਤੋਂ ਸਿਆਸਤਦਾਨ ਬਣੇ ਸੁਰੇਸ਼ ਗੋਪੀ (Suresh Gopi) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਇਸ ਦੌਰਾਨ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸੁਰੇਸ਼ ਗੋਪੀ ਮੰਤਰੀ ਦਾ ਅਹੁਦਾ ਛੱਡ ਰਹੇ ਹਨ।
ਇਸ ਦੌਰਾਨ ਕੇਰਲ ਤੋਂ ਭਾਜਪਾ ਦੇ ਨਵੇਂ ਚੁਣੇ ਗਏ ਸੰਸਦ ਮੈਂਬਰ ਸੁਰੇਸ਼ ਗੋਪੀ ਨੇ ਟਵੀਟ ਕਰ ਕਿਹਾ ਕਿ ਕੁਝ ਮੀਡੀਆ ਪਲੇਟਫ਼ਾਰਮ ਇਹ ਗਲਤ ਖ਼ਬਰਾਂ ਫੈਲਾ ਰਹੇ ਹਨ ਕਿ ਮੈਂ ਮੋਦੀ ਸਰਕਾਰ ਦੇ ਮੰਤਰੀ ਮੰਡਲ ਤੋਂ ਅਸਤੀਫ਼ਾ ਦੇਣ ਜਾ ਰਿਹਾ ਹਾਂ, ਇਹ ਖ਼ਬਰ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਅਸੀਂ ਕੇਰਲ ਦੇ ਵਿਕਾਸ ਅਤੇ ਖ਼ੁਸ਼ਹਾਲੀ ਲਈ ਵਚਨਬੱਧ ਹਾਂ।
65 ਸਾਲਾ ਅਦਾਕਾਰ (Suresh Gopi) ਨੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਤ੍ਰਿਸ਼ੂਰ ਸੰਸਦੀ ਸੀਟ ਤੋਂ ਜਿੱਤ ਹਾਸਲ ਕੀਤੀ ਸੀ। ਇੱਥੇ ਉਨ੍ਹਾਂ ਨੇ ਵਕੀਲ ਅਤੇ ਸੀਪੀਐਮ ਉਮੀਦਵਾਰ ਵੀਐਸ ਸੁਨੀਲ ਕੁਮਾਰ ਨੂੰ 74,686 ਵੋਟਾਂ ਨਾਲ ਹਰਾਇਆ ਹੈ।