ਚੰਡੀਗੜ੍ਹ, 03 ਜੂਨ 2024: ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ‘ਚ ਐਤਵਾਰ ਯਾਨੀ 2 ਜੂਨ ਨੂੰ 111 ਮਿਲੀਮੀਟਰ ਬਾਰਿਸ਼ (Heavy Rain) ਹੋਈ। ਇਸ ਨਾਲ ਜੂਨ ਵਿੱਚ ਇੱਕ ਦਿਨ ਵਿੱਚ ਸਭ ਤੋਂ ਵੱਧ ਮੀਂਹ ਪੈਣ ਦਾ 133 ਸਾਲ ਪੁਰਾਣਾ ਰਿਕਾਰਡ ਟੁੱਟ ਗਿਆ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਬੈਂਗਲੁਰੂ ਦੇ ਵਿਗਿਆਨੀ ਐੱਨ. ਪੁਵਿਯਾਰਸਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਐਨ. ਪੁਵਿਯਾਰਸਨ ਨੇ ਕਿਹਾ ਕਿ 1 ਜੂਨ ਅਤੇ 2 ਜੂਨ ਨੂੰ 140.7 ਮਿਲੀਮੀਟਰ ਬਾਰਿਸ਼ ਜੂਨ ਦੀ ਮਾਸਿਕ ਔਸਤ ਤੋਂ ਵੱਧ ਸੀ। ਭਾਰੀ ਮੀਂਹ ਕਾਰਨ ਐਤਵਾਰ ਰਾਤ ਨੂੰ ਟ੍ਰਿਨਿਟੀ ਮੈਟਰੋ ਸਟੇਸ਼ਨ ਨੇੜੇ ਇਕ ਦਰੱਖਤ ਡਿੱਗ ਗਿਆ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ। ਬੈਂਗਲੁਰੂ ‘ਚ ਕਈ ਥਾਵਾਂ ‘ਤੇ ਜਨਜੀਵਨ ਪ੍ਰਭਾਵਿਤ ਹੋਇਆ। ਜੈਨਗਰ ਦੇ ਵਸਨੀਕਾਂ ਨੇ ਡਿੱਗੇ ਦਰੱਖਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ।
ਆਈਐਮਡੀ ਬੇਂਗਲੁਰੂ ਦੇ ਮੁਖੀ ਸੀ.ਐਸ. ਪਾਟਿਲ ਨੇ ਕਿਹਾ, ਦੱਖਣ-ਪੱਛਮੀ ਮਾਨਸੂਨ ਕਰਨਾਟਕ ਵਿੱਚ ਅੱਗੇ ਵਧਿਆ ਹੈ ਅਤੇ ਕੁਝ ਜ਼ਿਲ੍ਹਿਆਂ ਲਈ 5 ਜੂਨ ਤੱਕ ‘ਯੈਲੋ’ ਅਲਰਟ ਜਾਰੀ ਕੀਤਾ ਗਿਆ ਹੈ। ਅਗਲੇ ਦੋ ਦਿਨਾਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਨੇ ਕਿਹਾ ਕਿ ਉਹ ਜਲਦੀ ਹੀ ਮੀਂਹ (Heavy Rain) ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਅਤੇ ਸਥਿਤੀ ਦਾ ਜਾਇਜ਼ਾ ਲੈਣਗੇ।