DC Aashika Jain

DC ਆਸ਼ਿਕਾ ਜੈਨ ਨੇ ਸਰਕਾਰੀ ਹਾਈ ਸਕੂਲ ਫੇਜ਼-5 ਮੋਹਾਲੀ ਵਿਖੇ ਲੜਕੀਆਂ ਨਾਲ ਗਿੱਧਾ ਪਾ ਕੇ ਲੋਕਤੰਤਰ ਦਾ ਤਿਉਹਾਰ ਮਨਾਇਆ

ਐਸ.ਏ.ਐਸ.ਨਗਰ, 01 ਜੂਨ, 2024: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Aashika Jain) ਨੇ ਅੱਜ ਸਰਕਾਰੀ ਹਾਈ ਸਕੂਲ, ਫੇਜ਼ 5, ਮੋਹਾਲੀ ਵਿਖੇ ਆਪਣੀ ਵੋਟ ਪਾਈ ਅਤੇ ਵੋਟਰਾਂ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਜਸ਼ਨਾਂ ਦਾ ਹਿੱਸਾ ਬਣਨ ਲਈ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ’ਚ ਮਾਣ ਮਹਿਸੂਸ ਕਰਨ ਲਈ ਆਖਿਆ।

ਉਨ੍ਹਾਂ ਕਿਹਾ ਕਿ ਵੋਟ ਦਾ ਅਧਿਕਾਰ ਭਾਰਤ ਦੇ ਸੰਵਿਧਾਨ ਤਹਿਤ ਸਾਨੂੰ ਦਿੱਤਾ ਗਿਆ ਇੱਕ ਅਹਿਮ ਅਧਿਕਾਰ ਹੈ, ਇਸ ਲਈ ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰ ਦਾ ਸਤਿਕਾਰ ਕਰੀਏ। ਉਨ੍ਹਾਂ ਦੱਸਿਆ ਕਿ ਅੱਜ 825 ਬੂਥਾਂ (7 ਸਹਾਇਕ ਬੂਥਾਂ ਸਮੇਤ) ’ਤੇ ਸਾਰੇ ਪ੍ਰਬੰਧ ਮੁਕੰਮਲ ਸਨ ਅਤੇ ਗਰਮੀ ਦੀ ਲਹਿਰ ਕਾਰਨ ਵੋਟਰਾਂ ਨੇ ਸਵੇਰ ਤੋਂ ਹੀ ਪੋਲਿੰਗ ਬੂਥਾਂ ’ਤੇ ਕਤਾਰਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।

ਡਿਪਟੀ ਕਮਿਸ਼ਨਰ (DC Aashika Jain) ਨੇ ਪੋਲਿੰਗ ਬੂਥ ’ਤੇ ਦਾਖਲ ਹੋਣ ਸਮੇਂ ਵੋਟਰਾਂ ਦੀ ਸਹੂਲਤ ਲਈ ਤਾਇਨਾਤ ਸਮੂਹ ਸਟਾਫ਼ ਜਿਨ੍ਹਾਂ ਵਿੱਚ ਬੂਥ ਲੈਵਲ ਅਫ਼ਸਰ, ਆਸ਼ਾ ਅਤੇ ਆਂਗਣਵਾੜੀ ਵਰਕਰਾਂ, ਵਲੰਟੀਅਰਾਂ ਅਤੇ ਸਵੀਪ ਟੀਮ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਬੂਥਾਂ ’ਤੇ ਜਾ ਕੇ ਵੋਟਰਾਂ ਨੂੰ ਵੋਟ ਪਾਉਣ ਵਿੱਚ ਮਦਦ ਕਰਨ ਲਈ ਉਨ੍ਹਾਂ ਦੇ ਉਤਸ਼ਾਹ ਦੀ ਸ਼ਲਾਘਾ ਕੀਤੀ।

ਉਸ ਨੇ ਗਿੱਧਾ ਪਾ ਰਹੀਆਂ ਲੜਕੀਆਂ ਨਾਲ ਨੱਚ ਕੇ ਲੋਕਤੰਤਰ ਦੇ ਤਿਉਹਾਰ ਦੀ ਖੁਸ਼ੀ ਮਨਾਈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਦੋ ਸੁਪਰ ਮਾਡਲ, 30-ਮਾਡਲ, 03-3 ਪਿੰਕ, ਪੀਡਬਲਿਊਡੀ ਅਤੇ ਯੂਥ ਬੂਥ ਤੋਂ ਇਲਾਵਾ ਹਰੇਕ ਹਲਕੇ ਵਿੱਚ ਇੱਕ ਇੱਕ ਗਰੀਨ ਬੂਥ ਸਥਾਪਤ ਕੀਤੇ ਗਏ ਹਨ ਤਾਂ ਜੋ ਪੋਲਿੰਗ ਪ੍ਰਕਿਰਿਆ ਵਿੱਚ ਲੱਗੀਆਂ ਸਾਰੀਆਂ ਪੋਲਿੰਗ ਪਾਰਟੀਆਂ ਦਾ ਅਤੇ ਵੋਟਰਾਂ ਦਾ ਮਨੋਬਲ ਵਧਾਇਆ ਜਾ ਸਕੇ।

Scroll to Top