ਪਟਿਆਲਾ, 31 ਮਈ 2024: 1 ਜੂਨ ਨੂੰ ਲੋਕ ਸਭਾ ਚੋਣਾਂ 2024 ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਕਰਵਾਉਣ ਲਈ ਚੋਣ ਤਿਆਰੀਆਂ ਦੀ ਸਮੀਖਿਆ ਕਰਨ ਲਈ ਭਾਰਤੀ ਚੋਣ ਕਮਿਸ਼ਨ ਵੱਲੋਂ ਹਰਿਆਣਾ ਅਤੇ ਪੰਜਾਬ ਲਈ ਵਿਸ਼ੇਸ਼ ਜਨਰਲ ਆਬਜ਼ਰਵਰ ਵਜੋਂ ਨਿਯੁਕਤ 1987 ਬੈਚ ਦੇ ਸੇਵਾਮੁਕਤ ਆਈ.ਏ.ਐਸ. ਰਾਮ ਮੋਹਨ ਮਿਸ਼ਰਾ ਨੇ ਅੱਜ ਆਪਣੀ ਪਟਿਆਲਾ (Patiala) ਦੌਰੇ ਦੌਰਾਨ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਪ੍ਰਮੁੱਖ ਅਧਿਕਾਰੀਆਂ ਨਾਲ ਇੱਕ ਵਿਆਪਕ ਮੀਟਿੰਗ ਕੀਤੀ।
ਲੋਕ ਸਭਾ ਚੋਣਾਂ ਲਈ ਪਟਿਆਲਾ ਲਈ ਤਾਇਨਾਤ ਤਿੰਨੋ ਅਬਜ਼ਰਵਰਾਂ, ਜ਼ਿਲ੍ਹਾ ਚੋਣ ਅਫ਼ਸਰ, ਸੀਨੀਅਰ ਪੁਲਿਸ ਕਪਤਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਹੋਰ ਨੋਡਲ ਅਫ਼ਸਰਾਂ ਨਾਲ ਮੀਟਿੰਗ ਮੌਕੇ ਰਾਮ ਮੋਹਨ ਮਿਸ਼ਰਾ ਨੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਚੋਣ ਪ੍ਰਕਿਰਿਆ ਦੇ ਵੱਖ-ਵੱਖ ਪਹਿਲੂਆਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜਨਰਲ ਅਬਜ਼ਰਵਰ ਓਮ ਪ੍ਰਕਾਸ਼ ਬਕੋਰੀਆ, ਖਰਚਾ ਨਿਗਰਾਨ ਮੀਤੂ ਅਗਰਵਾਲ, ਪੁਲਿਸ ਅਬਜ਼ਰਵਰ ਆਮਿਰ ਜਾਵੇਦ, ਡੀਸੀ ਸ਼ੌਕਤ ਅਹਿਮਦ ਪੈਰੇ ਅਤੇ ਐਸਐਸਪੀ ਵਰੁਣ ਸ਼ਰਮਾ ਨਾਲ ਵਿਸਥਾਰਪੂਰਵਕ ਗੱਲਬਾਤ ਕੀਤੀ।
ਸਪੈਸ਼ਲ ਜਨਰਲ ਆਬਜ਼ਰਵਰ ਨੇ 1 ਜੂਨ ਨੂੰ ਵੋਟਾਂ ਪੈਣ ਦੇ ਸਮੇਂ ਦੌਰਾਨ ਵੋਟਰਾਂ ਲਈ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਮੁਫ਼ਤ, ਨਕਦੀ ਅਤੇ ਸ਼ਰਾਬ ਦੀ ਵੰਡ ‘ਤੇ ਸਖ਼ਤ ਨਿਯੰਤਰਣ ਕਰਨ ਦੇ ਨਾਲ-ਨਾਲ ਇੱਕ ਆਜ਼ਾਦ ਅਤੇ ਨਿਰਪੱਖ ਪੋਲਿੰਗ ਪ੍ਰਕਿਰਿਆ ਨੂੰ ਯਕੀਨੀ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਰਾਮ ਮੋਹਨ ਮਿਸ਼ਰਾ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਸ਼ਾਨਦਾਰ ਵਿਉਂਤਬੰਦੀ ਅਤੇ ਕਾਰਜਸ਼ੀਲ ਪਹੁੰਚ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਨੇ ਇਸ ਮੌਕੇ ਮੌਜੂਦ ਸਾਰੇ ਅਧਿਕਾਰੀਆਂ ਦੇ ਤਾਲਮੇਲ ਵਾਲੇ ਯਤਨਾਂ ਅਤੇ ਸਮਰਪਣ ਦੀ ਸ਼ਲਾਘਾ ਕੀਤੀ ਅਤੇ ਪਟਿਆਲਾ ਵਿੱਚ ਲੋਕ ਸਭਾ ਚੋਣਾਂ 2024 ਦੇ ਸਫਲ ਆਯੋਜਨ ਵਿੱਚ ਭਰੋਸਾ ਪ੍ਰਗਟਾਇਆ।
ਇਸ ਤੋਂ ਇਲਾਵਾ, ਚੱਲ ਰਹੀ ਗਰਮ ਲੂਅ ਦੇ ਮੱਦੇਨਜ਼ਰ, ਰਾਮ ਮੋਹਨ ਮਿਸ਼ਰਾ ਨੇ ਵੋਟਰਾਂ ਦੀ ਸੁਰੱਖਿਆ ਅਤੇ ਆਰਾਮ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ (Patiala) ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਦਿੱਤੇ।ਉਨ੍ਹਾਂ ਹਦਾਇਤ ਕੀਤੀ ਕਿ ਪੋਲਿੰਗ ਸਟੇਸ਼ਨਾਂ ‘ਤੇ ਗਰਮੀ ਨਾਲ ਸਬੰਧਤ ਕਿਸੇ ਵੀ ਸਿਹਤ ਸਮੱਸਿਆ ਦੇ ਹੱਲ ਲਈ ਛਾਂਦਾਰ ਵੇਟਿੰਗ ਏਰੀਆ, ਪੀਣ ਵਾਲੇ ਪਾਣੀ ਦੀ ਉਪਲਬਧਤਾ ਅਤੇ ਡਾਕਟਰੀ ਸਹਾਇਤਾ ਦੀ ਸਹੂਲਤ ਵਰਗੇ ਪੁਖਤਾ ਪ੍ਰਬੰਧ ਕੀਤੇ ਜਾਣ।
ਡੀ.ਸੀ. ਸ਼ੌਕਤ ਅਹਿਮਦ ਪਰੇ ਨੇ 1 ਜੂਨ, 2024 ਨੂੰ ਚੋਣਾਂ ਕਰਵਾਉਣ ਲਈ ਕੀਤੇ ਜਾ ਰਹੇ ਵਿਆਪਕ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ, ਜਦਕਿ ਐਸਐਸਪੀ ਵਰੁਣ ਸ਼ਰਮਾ ਨੇ ਚੋਣਾਂ ਦੌਰਾਨ ਵੋਟਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਅਮਨ-ਕਾਨੂੰਨ ਬਣਾਈ ਰੱਖਣ ਲਈ ਕੀਤੇ ਜਾ ਰਹੇ ਸੁਰੱਖਿਆ ਉਪਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਏ.ਡੀ.ਸੀਜ ਕੰਚਨ ਅਤੇ ਡਾ. ਹਰਜਿੰਦਰ ਸਿੰਘ ਬੇਦੀ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।