ਚੰਡੀਗੜ੍ਹ, 31 ਮਈ 2024: ਜਲੰਧਰ (Jalandhar) ਵਿੱਚ ਫੋਕਲ ਪੁਆਇੰਟ ਨੇੜੇ ਇੱਕ ਵਿਅਕਤੀ ਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ। ਪੁਲਿਸ ਮੁਤਾਬਕ ਵਿਅਕਤੀ ਦੀ ਮੌਤ ਅੱਤ ਦੀ ਗਰਮੀ ਕਾਰਨ ਹੋਈ ਹੈ। ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਨਾ ਹੀ ਮ੍ਰਿਤਕ ਦੇ ਸਰੀਰ ‘ਤੇ ਕੋਈ ਨਿਸ਼ਾਨ ਮਿਲਿਆ ਹੈ। ਪੁਲਿਸ ਨੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤਾ ਹੈ। ਮ੍ਰਿਤਕ ਦੀ ਉਮਰ 55 ਤੋਂ 60 ਸਾਲ ਦੇ ਕਰੀਬ ਸੀ।
ਥਾਣਾ ਡਿਵੀਜ਼ਨ ਨੰਬਰ-8 (Jalandhar) ਦੀ ਫੋਕਲ ਪੁਆਇੰਟ ਚੌਕੀ ਦੇ ਇੰਚਾਰਜ ਅਵਤਾਰ ਸਿੰਘ ਦੇ ਮੁਤਾਬਕ ਪੁਲਿਸ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਫੋਕਲ ਪੁਆਇੰਟ ਫਲਾਈਓਵਰ, ਸੰਜੇ ਗਾਂਧੀ ਨਗਰ ਨੇੜੇ ਇੱਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ। ਪੁਲਿਸ ਨੇ ਤੁਰੰਤ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੀ ਸ਼ਨਾਖਤ ਲਈ ਉਸ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਗਿਆ ਹੈ।