DC Aashika Jain

ਜਨਰਲ ਆਬਜ਼ਰਵਰ ਨੇ 1 ਜੂਨ ਨੂੰ ਵੋਟਰਾਂ ਦੀ ਗਿਣਤੀ ਵਧਾਉਣ ਲਈ ਬੂਥ ਲੈਵਲ ਕਮੇਟੀਆਂ ਨੂੰ ਸਰਗਰਮੀ ਨਾਲ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ

ਐਸ.ਏ.ਐਸ.ਨਗਰ, 30 ਮਈ, 2024: ਲੋਕ ਸਭਾ ਚੋਣਾਂ-2019 ਦੌਰਾਨ ਯੂ.ਪੀ. ਦੇ ਬਾਂਦਾ ਜ਼ਿਲੇ ਦੇ ਜ਼ਿਲ੍ਹਾ ਕੁਲੈਕਟਰ ਵਜੋਂ 10.5 ਫੀਸਦੀ ਤੱਕ ਪੋਲਿੰਗ ਪ੍ਰਤੀਸ਼ਤ ਵਧਾਉਣ ਲਈ ਰਾਸ਼ਟਰਪਤੀ ਪੁਰਸਕਾਰ ਜੇਤੂ ਆਨੰਦਪੁਰ ਸਾਹਿਬ ਸੰਸਦੀ ਹਲਕੇ ਦੇ ਜਨਰਲ ਆਬਜ਼ਰਵਰ ਡਾ: ਹੀਰਾ ਲਾਲ, ਆਈ.ਏ.ਐਸ. ਨੇ ਭਾਰਤੀ ਚੋਣ ਕਮਿਸ਼ਨ ਦੁਆਰਾ ਨਿਰਧਾਰਿਤ ‘ਇਸ ਵਾਰ 70 ਪਾਰ’ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਬੂਥ ਲੈਵਲ ਅਫ਼ਸਰਾਂ ਨੂੰ ਸਰਗਰਮੀ ਨਾਲ ਜ਼ਿੰਮੇਂਵਾਰੀ ਨਿਭਾਉਣ ਲਈ ਕਿਹਾ।

ਅੱਜ ਸ਼ਾਮ ਮਾਨਵ ਮੰਗਲ ਸਮਾਰਟ ਸਕੂਲ, ਫੇਜ਼ 10, ਮੋਹਾਲੀ ਵਿਖੇ ਸਕੂਲ ਵਿੱਚ ਬਣਾਏ ਗਏ ਸੁਪਰ ਮਾਡਲ ਗ੍ਰੀਨ ਪੋਲਿੰਗ ਬੂਥ ਦਾ ਦੌਰਾ ਕਰਨ ਉਪਰੰਤ ਇਕੱਤਰ ਹੋਏ ਬੂਥ ਲੈਵਲ ਅਫ਼ਸਰਾਂ ਨੂੰ ਸੰਬੋਧਨ ਕਰਦਿਆਂ ਸ. ਡਾ: ਹੀਰਾ ਲਾਲ ਨੇ ਕਿਹਾ ਕਿ ਅਣਥੱਕ ਮਿਹਨਤ ਦਾ ਫਲ ਮਿਲੇਗਾ। ਆਪਣੀ ਉਦਾਹਰਨ ਦਿੰਦੇ ਹੋਏ ਉਨ੍ਹਾਂ ਕਿਹਾ ਕਿ 2019 ਵਿੱਚ ਉਨ੍ਹਾਂ ਵੱਲੋਂ ਬਾਂਦਾ ਵਿਖੇ ਬਣਾਈਆਂ ਗਈਆਂ ਬੂਥ ਪੱਧਰੀ ਕਮੇਟੀਆਂ ਨੇ ਸਫ਼ਲਤਾਪੂਰਵਕ ਫ਼ਲ ਦੀ ਪ੍ਰਾਪਤੀ ਕੀਤੀ ਅਤੇ ਜ਼ਿਲ੍ਹਾ 10.5 ਫੀਸਦੀ ਵੋਟਰਾਂ ਦੀ ਗਿਣਤੀ ਵਿੱਚ ਵਾਧਾ ਕਰਕੇ ਦੇਸ਼ ਦੇ ਬਾਕੀ ਹਿੱਸਿਆਂ ਲਈ ਚਾਨਣ ਮੁਨਾਰਾ ਬਣ ਕੇ ਉਭਰਿਆ।

ਉਨ੍ਹਾਂ ਦੱਸਿਆ ਕਿ ਇਸ ਵਾਰ ਆਨੰਦਪੁਰ ਸਾਹਿਬ ਹਲਕੇ ’ਚ ਵੀ ਇਨ੍ਹਾਂ ਬੂਥ ਪੱਧਰੀ ਕਮੇਟੀਆਂ ਵਿੱਚ ਬੀ.ਐਲ.ਓ., ਪਟਵਾਰੀ, ਪੰਚਾਇਤ ਸਕੱਤਰ, ਆਂਗਣਵਾੜੀ ਵਰਕਰ, ਆਸ਼ਾ ਵਰਕਰ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਪ੍ਰੇਰਕ, ਮਿਡ-ਡੇ-ਮੀਲ ਵਰਕਰ, ਐਨ.ਆਰ.ਐਲ.ਐਮ ਅਧੀਨ ਬੈਂਕ ਸਾਖੀ, ਸੈਲਫ ਹੈਲਪ ਗਰੁੱਪ, ਚੌਕੀਦਾਰ, ਗਰਾਮ ਰੋਜ਼ਗਾਰ ਸੇਵਕ (ਮਨਰੇਗਾ) ਅਤੇ ਨੰਬਰਦਾਰ ਸ਼ਾਮਲ ਹਨ ਜੋ ਵੋਟਰ ਨੂੰ 1 ਜੂਨ ਨੂੰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ’ਤੇ ਜਾਣ ਲਈ ਜਾਗਰੂਕ ਕਰਨ ਅਤੇ ਉਤਸ਼ਾਹਿਤ ਕਰਨ ਲਈ ਬਹੁਤ ਮਦਦ ਕਰ ਸਕਦੇ ਹਨ।

ਜਨਰਲ ਅਬਜ਼ਰਵਰ ਨੇ ਕਿਹਾ ਕਿ ਆਨੰਦਪੁਰ ਸਾਹਿਬ ਸੰਸਦੀ ਹਲਕੇ ਵਿੱਚ 2068 ਪੋਲਿੰਗ ਬੂਥ ਹਨ ਅਤੇ ਇੰਨੀਆਂ ਹੀ ਕਮੇਟੀਆਂ ਇਸ ਨੂੰ ਮਤਦਾਨ ਵਿੱਚ ਦੇਸ਼ ਦਾ ਮੋਹਰੀ ਬਣਾਉਣ ਲਈ ਇੱਕ ਮਿਸਾਲ ਕਾਇਮ ਕਰਨ ਲਈ ਵਰਦਾਨ ਸਾਬਤ ਹੋ ਸਕਦੀਆਂ ਹਨ। ਉਨ੍ਹਾਂ ਬੂਥ ਲੈਵਲ ਅਫ਼ਸਰਾਂ ਨੂੰ ਕਿਹਾ ਕਿ ਉਹ ਬਾਕੀ ਕਮੇਟੀ ਮੈਂਬਰਾਂ ਨਾਲ ਤਾਲਮੇਲ ਕਰਕੇ ਇਨ੍ਹਾਂ ਦੋ ਦਿਨਾਂ ਵਿੱਚ ਆਪਣੇ-ਆਪਣੇ ਪੋਲਿੰਗ ਬੂਥ ਖੇਤਰਾਂ ਵਿੱਚ ਇੱਕ ਲਹਿਰ ਸ਼ੁਰੂ ਕਰਨ ਤਾਂ ਜੋ ਵੋਟਰਾਂ ਨੂੰ ਵੋਟ ਦੀ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਜਿਹੜੇ ਬੀ.ਐਲ.ਓਜ਼ 70 ਪ੍ਰਤੀਸ਼ਤ ਮਤਦਾਨ ਟੀਚੇ ਨੂੰ ਪਾਰ ਕਰਦੇ ਹਨ/ਪਿਛਲੇ ਮਤਦਾਨ ਦੇ ਮੁਕਾਬਲੇ 10 ਪ੍ਰਤੀਸ਼ਤ ਦਾ ਵਾਧਾ ਦਿਖਾਉਂਦੇ ਹਨ, ਉਨ੍ਹਾਂ ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੱਲੋਂ 5000 ਰੁਪਏ ਦਾ ਪ੍ਰੋਤਸਾਹਨ ਵੀ ਦਿੱਤਾ ਜਾਵੇਗਾ। ਮਾਨਵ ਮੰਗਲ ਸਕੂਲ ਵਿਖੇ ਸਥਾਪਿਤ ਕੀਤੇ ਗਏ ਸੁਪਰ ਮਾਡਲ ਗ੍ਰੀਨ ਬੂਥ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਗ੍ਰੀਨ ਬੂਥ ਨਾਲ ਅਸੀਂ ਸਮਾਜ ਨੂੰ ਆਪਣੇ ਵਾਤਾਵਰਨ ਪ੍ਰਤੀ ਸੁਚੇਤ ਰਹਿਣ ਅਤੇ ਆਲਮੀ ਤਪਸ਼ ਨੂੰ ਘੱਟ ਕਰਨ ਲਈ ਘੱਟੋ-ਘੱਟ ਇੱਕ ਬੂਟਾ ਲਗਾਉਣ ਦਾ ਇੱਕ ਮਜ਼ਬੂਤ ਸੰਦੇਸ਼ ਦੇ ਸਕਦੇ ਹਾਂ, ਜਿਸ ਦਾ ਕਿ ਅਸੀਂ ਇਸ ਵਾਰ ਗਰਮੀ ਦੀ ਲਹਿਰ ਦੇ ਰੂਪ ’ਚ ਸਾਹਮਣਾ ਕਰ ਰਹੇ ਹਾਂ।

ਉਨ੍ਹਾਂ ਨੂੰ ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ ਵੱਲੋਂ ਜ਼ਿਲ੍ਹੇ ਵਿੱਚ ਵੋਟਰਾਂ ਦੀ ਗਿਣਤੀ ਵਧਾਉਣ ਲਈ ਲਗਾਤਾਰ ਯਤਨ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ। ਏ.ਆਰ.ਓ-ਕਮ-ਐਸ.ਡੀ.ਐਮ ਮੋਹਾਲੀ ਦੀਪਾਂਕਰ ਗਰਗ, ਜ਼ਿਲ੍ਹਾ ਨੋਡਲ (ਸਵੀਪ) ਅਫ਼ਸਰ ਗੁਰਬਖਸ਼ੀਸ਼ ਸਿੰਘ ਅੰਟਾਲ ਅਤੇ ਗੁੱਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਵੀ ਮੌਜੂਦ ਸਨ।

Scroll to Top