Jalandhar

ਮੋਹਾਲੀ: ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਾਰੇ ਵੋਟਰਾਂ ਨੂੰ ਲੋਕ ਸਭਾ ਚੋਣਾਂ ‘ਚ ਹਿੱਸਾ ਲੈ ਕੇ ਵੋਟ ਪਾਉਣ ਦੀ ਅਪੀਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਮਈ 2024: ਲੋਕ ਸਭਾ ਚੋਣਾਂ-2024 (Lok Sabha elections 2024)  ਦੌਰਾਨ ਪੰਜਾਬ ਦੇ ਵੋਟਰਾਂ ਦੀ ਸਹੂਲਤ ਲਈ ਭਾਰਤ ਦੇ ਚੋਣ ਕਮਿਸ਼ਨ ਨੇ ਵੋਟਰਾਂ ਨੂੰ 1 ਜੂਨ, 2024 ਨੂੰ ਵੋਟ ਪਾਉਣ ਲਈ ਮਤਦਾਤਾ ਫੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਛਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ।

ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇਕ ਦਸਤਾਵੇਜ਼ ਵੋਟਰ ਆਪਣੀ ਪਛਾਣ ਵੱਜੋਂ ਪੋਲਿੰਗ ਸਟੇਸ਼ਨ ‘ਤੇ ਨਾਲ ਲਿਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਵੋਟਰ ਜੋ ਮਤਦਾਤਾ ਫੋਟੋ ਪਹਿਚਾਣ ਪੱਤਰ ਪੇਸ਼ ਕਰਨ ਦੇ ਯੋਗ ਨਹੀਂ ਹਨ, ਆਪਣੀ ਪਛਾਣ ਸਥਾਪਤ ਕਰਨ ਲਈ 12 ਹੋਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ, ਬਸ਼ਰਤੇ ਉਸ ਵਿਅਕਤੀ ਦਾ ਨਾਂਅ ਵੋਟਰ ਸੂਚੀ ਵਿਚ ਸ਼ਾਮਿਲ ਹੋਵੇ।

ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿੰਨਾਂ ਵੋਟਰਾਂ ਕੋਲ ਮਤਦਾਤਾ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ. ਪੀ. ਆਰ. ਅਧੀਨ ਆਰ. ਜੀ. ਆਈ. ਵਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਹਿਤ ਪੈਨਸ਼ਨ ਦਸਤਾਵੇਜ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਛਾਣ ਪੱਤਰ, ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਛਾਣ ਪੱਤਰ ਅਤੇ ਯੂਨੀਕ ਡਿਸਏਬਿਲਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਲੋਂ ਜਾਰੀ ਕੀਤਾ ਹੋਵੇ, ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।

ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਾਰੇ ਵੋਟਰਾਂ ਨੂੰ ਪੂਰੇ ਉਤਸ਼ਾਹ ਨਾਲ ਲੋਕ ਸਭਾ ਚੋਣਾਂ (Lok Sabha elections 2024) ਵਿੱਚ ਹਿੱਸਾ ਲੈ ਕੇ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦਾ “ਇਸ ਵਾਰ 70 ਪਾਰ” ਦਾ ਟੀਚਾ ਹੈ ਪਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਇਸ ਨੂੰ 80 ਫ਼ੀਸਦੀ ਤੋਂ ਉੱਪਰ ਲੈ ਕੇ ਜਾਣਾ ਹੈ, ਜਿਸ ਨੂੰ ਵੋਟਰਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਪੂਰਾ ਨਹੀਂ ਕੀਤਾ ਜਾ ਸਕਦਾ, ਇਸ ਲਈ ਸਾਰੇ ਵੋਟਰ ਆਪਣੀ ਵੋਟ ਜ਼ਰੂਰ ਪਾਉਣ। ਉਨ੍ਹਾਂ ਨੇ ਅਪੀਲ ਕੀਤੀ ਕਿ ਵੋਟ ਸਾਡਾ ਹੱਕ ਹੈ ਅਤੇ ਹਰੇਕ ਯੋਗ ਵੋਟਰ ਬਿਨ੍ਹਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਆਪਣੇ ਮਤਦਾਨ ਦੇ ਹੱਕ ਦੀ ਵਰਤੋਂ ਕਰੇ।

Scroll to Top