ਚੰਡੀਗੜ੍ਹ, 25 ਮਈ 2024: ਚਾਰਧਾਮ ਯਾਤਰਾ (Char dham Yatra) ‘ਤੇ ਸ਼ਰਧਾਲੂਆਂ ਦੀ ਭਾਰੀ ਆਮਦ ਦੇ ਮੱਦੇਨਜ਼ਰ ਸਰਕਾਰ ਨੇ ਰਜਿਸਟ੍ਰੇਸ਼ਨ ਦੀ ਸਖ਼ਤੀ ਨਾਲ ਪਾਲਣਾ ਸ਼ੁਰੂ ਕਰ ਦਿੱਤੀ ਹੈ। ਬਿਨਾਂ ਰਜਿਸਟ੍ਰੇਸ਼ਨ ਚਾਰਧਾਮ ਯਾਤਰਾ (Char dham Yatra) ‘ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਵਾਪਸ ਮੋੜ ਦਿੱਤਾ ਜਾਵੇਗਾ।
ਜਿਕਰਯੋਗ ਹੈ ਕਿ ਉੱਤਰਾਖੰਡ ‘ਚ 10 ਮਈ ਨੂੰ ਚਾਰਧਾਮ ਯਾਤਰਾ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 50 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਜਾ ਚੁੱਕੀ ਹੈ। ਬੀਤੇ ਦਿਨ ਇੱਕ ਪ੍ਰੈਸ ਕਾਨਫਰੰਸ ਵਿੱਚ ਗੜ੍ਹਵਾਲ ਦੇ ਕਮਿਸ਼ਨਰ ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਕਿ, “ਹੁਣ ਤੱਕ 52 ਚਾਰਧਾਮ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਹੈ, ਜ਼ਿਆਦਾਤਰ ਦਿਲ ਦਾ ਦੌਰਾ ਪੈਣ ਕਾਰਨ ਮੌਤਾਂ ਹੋਈਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ 60 ਸਾਲ ਤੋਂ ਉੱਪਰ ਸਨ।” ਉਨ੍ਹਾਂ ਕਿਹਾ ਕਿ ਗੰਗੋਤਰੀ ਵਿੱਚ ਤਿੰਨ, ਯਮੁਨੋਤਰੀ ਵਿੱਚ 12, ਬਦਰੀਨਾਥ ਵਿੱਚ 14 ਅਤੇ ਕੇਦਾਰਨਾਥ ਵਿੱਚ 23 ਸ਼ਰਧਾਲੂਆਂ ਦੀ ਮੌਤ ਹੋ ਗਈ।
ਪ੍ਰਸ਼ਾਸਨ ਨੇ 50 ਸਾਲ ਤੋਂ ਵੱਧ ਉਮਰ ਦੇ ਸ਼ਰਧਾਲੂਆਂ ਲਈ ਮੈਡੀਕਲ ਜਾਂਚ ਲਾਜ਼ਮੀ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਲਿਆ ਦੇ ਮੰਦਰਾਂ ਦੇ ਰਸਤੇ ਵਿੱਚ ਸਕ੍ਰੀਨਿੰਗ ਕੀਤੀ ਜਾ ਰਹੀ ਹੈ, ਅਤੇ ਸ਼ਰਧਾਲੂਆਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਜੇ ਉਹ ਡਾਕਟਰੀ ਤੌਰ ‘ਤੇ ਕਾਫ਼ੀ ਤੰਦਰੁਸਤ ਨਹੀਂ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਹੈ। ਜੇਕਰ ਉਹ ਫਿਰ ਵੀ ਯਾਤਰਾ (Char dham Yatra) ਜਾਰੀ ਰੱਖਣ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇੱਕ ਫਾਰਮ ਭਰ ਕੇ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 9 ਲੱਖ 67 ਹਜ਼ਾਰ 302 ਸ਼ਰਧਾਲੂ ਚਾਰਧਾਮ ਦੇ ਦਰਸ਼ਨ ਕਰ ਚੁੱਕੇ ਹਨ।