ਫਾਜ਼ਿਲਕਾ, 25 ਮਈ 2024 : ਲੋਕ ਸਭਾ ਚੋਣਾਂ-2024 ਦੇ ਮੱਦੇਨਜਰ ਚੋਣ ਕਮਿਸ਼ਨ ਵੱਲੋਂ 85 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰ ਤੋਂ ਹੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਸੀ ਜਿਸ ਤਹਿਤ ਫਾਜ਼ਿਲਕਾ ਜ਼ਿਲ੍ਹੇ ਵਿਚ ਅੱਜ ਤੋਂ ਇੰਨ੍ਹਾ ਦੋਵਾਂ ਵਰਗਾਂ ਦੀ ਪੋਸਟਲ ਬੈਲਟ ਨਾਲ ਘਰ ਤੋਂ ਵੋਟ ਪਵਾਉਣ (Voting) ਦੀ ਪਰਿਕਿਰਿਆ ਸ਼ੁਰੂ ਹੋ ਗਈ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਦੱਸਿਆ ਕਿ ਅਕਸਰ ਵੱਡੀ ਉਮਰ ਦੇ ਬਜ਼ੁਰਗਾ ਅਤੇ ਦਿਵਿਆਂਗ ਪੋਲਿੰਗ ਬੂਥ ‘ਤੇ ਜਾਣ ਵਿਚ ਹੋਣ ਵਾਲੀ ਅਸੁਵਿਧਾ ਦੇ ਡਰੋਂ ਵੋਟ ਹੀ ਨਹੀਂ ਸੀ ਪਾਉਂਦੇ ਪਰ ਇਸ ਵਾਰ ਚੋਣ ਕਮਿਸ਼ਨ ਨੇ ਉਨ੍ਹਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੁਤਲ ਦੇਣ ਦੀ ਵਿਵਸਥਾ ਕੀਤੀ ਸੀ।
ਜਿਸ ਤਹਿਤ ਬੀਐਲਓਜ਼ ਵੱਲੋਂ ਇੰਨ੍ਹਾਂ ਲੋਕਾਂ ਦੇ ਘਰਾਂ ਤੱਕ ਜਾ ਕੇ ਇੰਨ੍ਹਾਂ ਤੋਂ ਇੰਨ੍ਹਾਂ ਦੀ ਇੱਛਾ ਪੁੱਛੀ ਗਈ ਸੀ ਕਿ ਕੀ ਉਹ ਘਰ ਤੋਂ ਵੋਟ ਪਾਉਣਾ (Voting) ਚਾਹੁੰਦੇ ਹਨ ਜਾਂ ਪੋਲਿੰਗ ਬੂਥ ਤੇ ਆ ਕੇ ਵੋਟ ਪਾਉਣਾ ਚਾਹੁੰਦੇ ਹਨ।ਜਿੰਨ੍ਹਾਂ ਨੇ ਘਰ ਤੋਂ ਵੋਟ ਪਾਉਣ ਦੀ ਇੱਛਾ ਜਾਹਿਰ ਕੀਤੀ ਸੀ ਉਨ੍ਹਾਂ ਲਈ ਅੱਜ ਤੋਂ ਮਤਦਾਨ ਦੀ ਪ੍ਰਕਿਆ ਸੁਰੂ ਹੋਈ ਹੈ।ਇਹ ਪ੍ਰਕ੍ਰਿਆ 25 ਤੋਂ 27 ਮਈ ਤੱਕ ਚੱਲੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਲਈ ਚੋਣ ਕਮਿਸ਼ਨ ਦੀ ਟੀਮ ਜਿਸ ਦੇ ਨਾਲ ਊਮੀਦਵਾਰਾਂ ਦੇ ਏਂਜਟ ਵੀ ਨਾਲ ਜਾਂਦੇ ਹਨ ਸਬੰਧਤ ਵੋਟਰ ਦੇ ਘਰ ਪਹੁੰਚਦੀ ਹੈ। ਉਸਦੀ ਘਰ ਤੋਂ ਹੀ ਵੋਟ ਪੁਵਾਈ ਜਾਂਦੀ ਹੈ ਅਤੇ ਇਸ ਪ੍ਰਕ੍ਰਿਆ ਦੌਰਾਨ ਵੋਟ ਦੀ ਗੋਪਨੀਅਤਾ ਦੇ ਨਿਯਮ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਂਦਾ ਹੈ। ਫਾਜ਼ਿਲਕਾ ਜ਼ਿਲ੍ਹੇ ਵਿਚ 85 ਸਾਲ ਤੋਂ ਵੱਡੀ ਉਮਰ ਦੇ 1177 ਅਤੇ ਦਿਵਿਆਂਗਜਨਾਂ ਵਿਚੋਂ 804 ਨੇ ਘਰ ਤੋਂ ਮਤਦਾਨ ਕਰਨ ਦੇ ਵਿਕਲਪ ਦੀ ਚੋਣ ਕੀਤੀ ਹੈ।
ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਜਿੰਨ੍ਹਾਂ ਨੇ ਘਰ ਤੋਂ ਵੋਟ ਪਾਉਣ ਦੇ ਵਿਕਲਪ ਦੀ ਚੋਣ ਨਹੀਂ ਕੀਤੀ ਅਤੇ ਪੋਲਿੰਗ ਬੂਥ ‘ਤੇ ਆ ਕੇ ਹੀ ਵੋਟ ਦੇਣਾਂ ਚਾਹੁੰਦੇ ਹਨ ਉਨ੍ਹਾਂ ਦੀ ਸਹੁਲਤ ਲਈ ਚੋਣ ਕਮਿਸ਼ਨ ਨੇ ਸਕਸ਼ਮ ਐਪ ਜਾਰੀ ਕੀਤੀ ਹੈ ਜਿਸ ਤੇ ਤੁਸੀਂ ਮਤਦਾਨ ਵਾਲੇ ਦਿਨ ਜੇਕਰ ਤੁਹਾਨੂੰ ਬੂਥ ਤੇ ਵੀਲ੍ਹ ਚੇਅਰ ਚਾਹੀਦੀ ਹੋਵੇ ਜਾਂ ਘਰ ਤੋਂ ਪੋਲਿੰਗ ਬੂਥ ਤੱਕ ਆਉਣ ਲਈ ਵਾਹਨ ਦੀ ਸੁਵਿਧਾ ਦੀ ਜਰੂਰਤ ਹੋਵੇ ਤਾਂ ਤੁਸੀਂ ਇਸ ਐਪ ‘ਤੇ ਇਹ ਦਰਜ ਕਰਵਾ ਸਕਦੇ ਹੋ ਅਤੇ ਆਪ ਦੀ ਮੰਗ ਅਨੁਸਾਰ ਚੋਣ ਕਮਿਸ਼ਨ ਵੱਲੋਂ ਆਪ ਦੀ ਸਹਾਇਤਾ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਵੈਸੇ ਸਾਰੇ ਪੋਲਿੰਗ ਸਟੇਸ਼ਨਾਂ ਤੇ ਵੀਲ੍ਹ ਚੇਅਰ ਪਹਿਲਾਂ ਹੀ ਉਪਲਬੱਧ ਕਰਵਾਉਣ ਦੇ ਨਿਰਦੇਸ਼ ਦਿੱਤੇ ਹੋਏ ਹਨ।