ਪੰਜਾਬੀ ਨੌਜਵਾਨ

ਪੰਜਾਬੀ ਨੌਜਵਾਨ ਸਣੇ 9 ਭਾਰਤੀਆਂ ਨੂੰ ਇਰਾਨ ਦੀ ਜੇਲ੍ਹ ‘ਚ ਕੀਤਾ ਬੰਦ, ਪਰਿਵਾਰ ਨੇ ਕੇਂਦਰ ਸਰਕਾਰ ਤੋਂ ਮੰਗੀ ਮੱਦਦ

ਚੰਡੀਗੜ੍ਹ, 24 ਮਈ 2024: ਦੁਬਈ ਦੀ ਇੱਕ ਨਿੱਜੀ ਕੰਪਨੀ ਵਿੱਚ ਕੰਮ ਕਰ ਰਹੇ 9 ਭਾਰਤੀ ਮਰਚੈਂਟ ਨੇਵੀ ਦੇ ਅਮਲੇ ਨੂੰ ਈਰਾਨ ਮਰਚੈਂਟ ਨੇਵੀ ਨੇ ਅਹਵਾਜੀ ਜੇਲ੍ਹ ਵਿੱਚ ਕੈਦ ਕਰ ਲਿਆ ਹੈ। ਹਿਰਾਸਤ ਵਿੱਚ ਲਏ ਗਏ 9 ਭਾਰਤੀਆਂ ਵਿੱਚ ਦੋ ਨੌਜਵਾਨ ਪੰਜਾਬ ਦੇ ਹੁਸ਼ਿਆਰਪੁਰ ਅਤੇ ਇੱਕ ਪਠਾਨਕੋਟ ਦਾ ਰਹਿਣ ਵਾਲਾ ਹੈ।

ਫਿਲਹਾਲ ਇਨ੍ਹਾਂ ਸਾਰੇ ਦਲ ਦੇ ਮੈਂਬਰਾਂ ਨੂੰ ਇਹ ਨਹੀਂ ਦੱਸਿਆ ਗਿਆ ਹੈ ਕਿ ਈਰਾਨ ਦੀ ਮਰਚੈਂਟ ਨੇਵੀ ਨੇ ਇਨ੍ਹਾਂ ਨੂੰ ਕੈਦ ਕਿਉਂ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਇਰਾਨ ਦੀ ਜੇਲ੍ਹ ਵਿੱਚ ਬੰਦ ਹੁਸ਼ਿਆਰਪੁਰ ਖੇਤਰ ਦੇ ਪਿੰਡ ਕਲੋਟਾ ਵਾਸੀ 22 ਸਾਲਾ ਕਰੂ ਮੈਂਬਰ ਮਨੋਜ ਕੁਮਾਰ ਦੇ ਪਿਓ ਨੇ ਕੀਤਾ। ਮਨੋਜ ਦੇ ਪਿਓ ਪਵਨ ਕੁਮਾਰ ਨੇ ਦੱਸਿਆ ਕਿ ਬੇਟਾ ਫਾਈਵ ਓਸ਼ਨ ਕੰਪਨੀ ਅਲਮੋਟਾਵਾਸਟ ਮੈਰਿਜ ਸਰਵਿਸ ਏਜੰਸੀ ਦੁਬਈ ਵਿੱਚ ਕੰਮ ਕਰਦਾ ਸੀ।

ਹਾਲ ਹੀ ‘ਚ ਉਹ ਜ਼ਾਂਜ਼ੀਬਾਰ ਦੇ ਰੇਜ਼ੀ ਬੰਦਰਗਾਹ ਤੋਂ ਈਰਾਨ ਵੱਲ ਰਵਾਨਾ ਹੋਏ ਸਨ। ਉੱਥੇ ਪਹੁੰਚ ਕੇ ਈਰਾਨ ਦੀ ਮਰਚੈਂਟ ਨੇਵੀ ਨੇ ਉਨ੍ਹਾਂ ਨੂੰ ਪਹਿਲੇ ਕੁਝ ਦਿਨ ਬੰਦਰਗਾਹ ‘ਤੇ ਰੱਖਿਆ ਅਤੇ 15 ਮਈ ਨੂੰ ਸਾਰੇ ਭਾਰਤੀ ਚਾਲਕ ਦਲ ਦੇ ਮੈਂਬਰਾਂ ਨੂੰ ਜੇਲ੍ਹ ‘ਚ ਲਿਜਾ ਕੇ ਕੈਦ ਕਰ ਦਿੱਤਾ।

ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਸ ਦੇ ਪੁੱਤਰ ਦਾ ਇੱਕ ਹੀ ਵੌਇਸ ਮੈਸੇਜ ਆਇਆ ਹੈ ਜਿਸ ਵਿੱਚ ਉਸ ਨੇ ਦੱਸਿਆ ਹੈ ਕਿ ਜਹਾਜ਼ ਦੇ ਸਾਰੇ 9 ਭਾਰਤੀਆਂ ਨੂੰ ਜੇਲ੍ਹ ਵਿੱਚ ਬੰਦ ਦਿੱਤਾ ਗਿਆ ਹੈ ਅਤੇ ਸਾਨੂੰ ਕੁੱਟਣ ਦੇ ਨਾਲ-ਨਾਲ ਖਾਣਾ ਵੀ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸੇ ਤਰ੍ਹਾਂ ਸਾਨੂੰ ਇੱਥੋਂ ਰਿਹਾਅ ਕਰਵਾਇਆ ਜਾਵੇ। ਪਰਿਵਾਰ ਨੇ ਇਸ ਮਾਮਲੇ ਨੂੰ ਲੈ ਕੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਮੇਲ ਵੀ ਕੀਤਾ ਹੈ ਅਤੇ ਮੱਦਦ ਮੰਗੀ ਹੈ |

Scroll to Top