ਚੰਡੀਗੜ੍ਹ, 23 ਮਈ 2024: ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ (MP Anwarul Azim Anar) ਦੇ ਕਤਲ ਮਾਮਲੇ ‘ਚ ਵੱਡਾ ਖੁਲਾਸ਼ਾ ਹੋਇਆ ਹੈ। ਬੰਗਾਲ ਸੀਆਈਡੀ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਨਾਰ ਦੇ ਦੋਸਤ ਨੇ ਕਤਲ ਲਈ ਕਰੀਬ 5 ਕਰੋੜ ਰੁਪਏ ਦੀ ਸੁਪਾਰੀ ਦਿੱਤੀ ਸੀ। ਬੰਗਲਾਦੇਸ਼ ਦੇ ਗ੍ਰਹਿ ਮੰਤਰੀ ਅਸਦੁਜ਼ਮਾਨ ਖਾਨ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਨਾਰ 13 ਮਈ ਤੋਂ ਲਾਪਤਾ ਹੈ। ਉਹ ਕੋਲਕਾਤਾ ਵਿੱਚ ਸੀ ਅਤੇ ਇਸ ਮਾਮਲੇ ‘ਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਸੀਆਈਡੀ ਦੇ ਆਈਜੀ ਅਖਿਲੇਸ਼ ਚਤੁਰਵੇਦੀ ਨੇ ਕਿਹਾ ਕਿ ਇਹ ਇੱਕ ਯੋਜਨਾਬੱਧ ਕਤਲ ਸੀ। ਸੰਸਦ ਮੈਂਬਰ ਦੇ ਇੱਕ ਪੁਰਾਣੇ ਦੋਸਤ ਨੇ ਉਸਨੂੰ ਮਾਰਨ ਦੀ ਸੁਪਾਰੀ ਦਿੱਤੀ ਸੀ। ਕਰੀਬ ਪੰਜ ਕਰੋੜ ਰੁਪਏ ਦੀ ਸੁਪਾਰੀ ਸੀ। ਉਸਦਾ ਦੋਸਤ ਇੱਕ ਅਮਰੀਕੀ ਨਾਗਰਿਕ ਹੈ ਜਿਸਦਾ ਕੋਲਕਾਤਾ ਵਿੱਚ ਇੱਕ ਫਲੈਟ ਹੈ। ਇਕ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਵਿਦੇਸ਼ੀ ਸੰਸਦ ਮੈਂਬਰ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ। ਇਸ ਸਵਾਲ ‘ਤੇ ‘ਕੀ ਪੁਲਿਸ ਨੂੰ ਫਲੈਟ ‘ਚ ਖੂਨ ਦੇ ਧੱਬੇ ਮਿਲੇ ਹਨ?’ ਸੀਆਈਡੀ ਅਧਿਕਾਰੀ ਨੇ ਕਿਹਾ ਕਿ ਸਾਡੀ ਫੋਰੈਂਸਿਕ ਟੀਮ ਮੌਕੇ ਦੀ ਜਾਂਚ ਕਰ ਰਹੀ ਹੈ। ਇਸ ਬਾਰੇ ਬੋਲਣਾ ਬਹੁਤ ਜਲਦਬਾਜ਼ੀ ਹੋਵੇਗੀ।
ਬੰਗਲਾਦੇਸ਼ੀ ਸੰਸਦ ਮੈਂਬਰ (MP Anwarul Azim Anar) ਕੋਲਕਾਤਾ ਇਲਾਜ ਲਈ ਆਏ ਸਨ। ਡਿਪਟੀ ਹਾਈ ਕਮਿਸ਼ਨ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੰਸਦ ਮੈਂਬਰ ਅਜ਼ੀਮ 12 ਮਈ ਨੂੰ ਕੋਲਕਾਤਾ ਪਹੁੰਚੇ ਸਨ ਅਤੇ ਸ਼ਹਿਰ ਦੇ ਉੱਤਰੀ ਇਲਾਕੇ ਬਾਰਾਨਗਰ ‘ਚ ਆਪਣੇ ਦੋਸਤ ਦੇ ਘਰ ਠਹਿਰੇ ਹੋਏ ਸਨ। 13 ਮਈ ਨੂੰ ਉਹ ਕਿਸੇ ਨੂੰ ਮਿਲਣ ਗਿਆ ਸੀ ਪਰ ਵਾਪਸ ਨਹੀਂ ਆਇਆ। ਇਹ ਮਾਮਲਾ 18 ਮਈ ਨੂੰ ਉਦੋਂ ਸਾਹਮਣੇ ਆਇਆ, ਜਦੋਂ ਬੰਗਲਾਦੇਸ਼ੀ ਸੰਸਦ ਮੈਂਬਰ ਦੇ ਜਾਣਕਾਰ ਗੋਪਾਲ ਬਿਸਵਾਸ ਨੇ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਸਟੇਸ਼ਨ ਨੂੰ ਦਿੱਤੀ। ਅਨਾਰ ਕੋਲਕਾਤਾ ‘ਚ ਬਿਸਵਾਸ ਦੇ ਘਰ ਠਹਿਰੇ ਸਨ। ਬਿਸਵਾਸ ਨੇ ਦਾਅਵਾ ਕੀਤਾ ਕਿ ਸੰਸਦ ਮੈਂਬਰ 17 ਮਈ ਤੋਂ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹਨ। ਇਸ ਲਈ ਉਸ ਨੇ ਇਕ ਦਿਨ ਬਾਅਦ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ।