Polling

ਮੋਹਾਲੀ ‘ਚ ਸਾਰੇ 452 ਪੋਲਿੰਗ ਸਥਾਨਾਂ ਨੂੰ ਨਜ਼ਦੀਕੀ ਸਰਕਾਰੀ ਸਿਹਤ ਸੰਸਥਾਵਾਂ ਤੋਂ ਇਲਾਵਾ ਐਂਬੂਲੈਂਸਾਂ ਨਾਲ ਜੋੜਿਆ ਜਾਵੇਗਾ

ਐਸ.ਏ.ਐਸ.ਨਗਰ, 21 ਮਈ, 2024: ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਅੱਜ ਇੱਥੇ ਦੱਸਿਆ ਕਿ ਗਰਮੀ ਦੇ ਮੌਸਮ ਦੇ ਮੱਦੇਨਜ਼ਰ ਮੋਹਾਲੀ ਪ੍ਰਸ਼ਾਸਨ ਵੱਲੋਂ ਪੋਲਿੰਗ ਸਟਾਫ਼ (Polling staff) ਅਤੇ ਵੋਟਰਾਂ ਨੂੰ ਵੋਟਾਂ ਵਾਲੇ ਦਿਨ ਗਰਮੀ ਤੋਂ ਬਚਾਉਣ ਲਈ ਓ.ਆਰ.ਐੱਸ. ਪੈਕੇਟ, ਮਿੱਠੇ ਅਤੇ ਠੰਡੇ ਪਾਣੀ ਦੀ ਛਬੀਲ, ਛਾਂ ਅਤੇ ਟੈਂਟ, ਕੂਲਰਾਂ ਅਤੇ ਪੱਖਿਆਂ ਦਾ ਪ੍ਰਬੰਧ ਕੀਤਾ ਗਿਆ ਹੈ।

ਚੋਣਾਂ ਸਬੰਧੀ ਵੱਖ-ਵੱਖ ਜ਼ਿੰਮੇਵਾਰੀਆਂ ਨਾਲ ਜੁੜੇ ਅਧਿਕਾਰੀਆਂ ਤੋਂ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਜੈਨ ਨੇ ਕਿਹਾ ਕਿ ਸਾਡੇ ਕੋਲ ਕੁੱਲ 452 ਪੋਲਿੰਗ ਸਥਾਨ ਹਨ, ਜਿੱਥੇ ਇੱਕ ਆਸ਼ਾ ਵਰਕਰ ਨੂੰ ਘੱਟੋ-ਘੱਟ 30 ਓ.ਆਰ.ਐੱਸ. ਪੈਕੇਟ ਦੇ ਨਾਲ-ਨਾਲ ਮੁੱਢਲੀਆਂ ਦਵਾਈਆਂ ਪੈਰਾਸੀਟਾਮੋਲ ਅਤੇ ਉਲਟੀਆਂ ਦੀ ਰੋਕਥਾਮ ਦੀਆਂ ਗੋਲੀਆਂ ਸਮੇਤ ਤਾਇਨਾਤ ਕਰਨ ਤੋਂ ਇਲਾਵਾ, ਸਾਰੇ ਪੋਲਿੰਗ ਸਥਾਨਾਂ ਨੂੰ ਨੇੜਲੀਆਂ ਸਰਕਾਰੀ ਸਿਹਤ ਸੰਸਥਾਵਾਂ ਨਾਲ ਮੈਪ (ਜੋੜਿਆ) ਕੀਤਾ ਜਾਵੇਗਾ, ਜੇਕਰ ਲੂੰ ਤੋਂ ਪ੍ਰਭਾਵਿਤ ਸਟਾਫ ਜਾਂ ਵੋਟਰਾਂ ਨੂੰ ਉੱਥੇ ਪਹੁੰਚਾਉਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸਾਂ ਨੂੰ ਉਪਲਬਧ ਰੱਖਿਆ ਜਾਵੇਗਾ।

ਉਨ੍ਹਾਂ ਅੱਗੇ ਕਿਹਾ ਕਿ 26 ਅਤੇ 31 ਮਈ ਨੂੰ ਹੋਣ ਵਾਲੀਆਂ ਚੋਣ ਅਮਲੇ ਦੀਆਂ ਰਿਹਰਸਲਾਂ ਦੌਰਾਨ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਸੈਕਟਰ ਅਫਸਰਾਂ ਅਤੇ ਪੋਲਿੰਗ ਸਟਾਫ (Polling staff) ਨਾਲਜਾਣ ਪਛਾਣ ਕਰਵਾਈ ਜਾਵੇਗੀ। ਮੀਟਿੰਗ ਵਿੱਚ ਮੌਜੂਦ ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਨੇ ਡੀ ਸੀ ਸ਼੍ਰੀਮਤੀ ਜੈਨ ਨੂੰ ਜਾਣੂ ਕਰਵਾਇਆ ਕਿ ਸਾਰੀਆਂ ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਨੂੰ ਹੀਟ ਵੇਵ ਪੀੜਤਾਂ ਦੀ ਮੁੱਢਲੀ ਦੇਖਭਾਲ ਲਈ ਸਿਖਲਾਈ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੋਹਾਲੀ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ ਡਿਵੀਜ਼ਨਲ ਹਸਪਤਾਲ ਅਤੇ ਜ਼ਿਲ੍ਹਾ ਸਿਵਲ ਹਸਪਤਾਲ ਨੂੰ ਉਸ ਦਿਨ ਲੂੰ ਸਬੰਧੀ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਤਿਆਰ ਰੱਖਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੋਲਿੰਗ ਬੂਥਾਂ ‘ਤੇ ਸਟਾਫ਼ ਦੇ ਰਾਤ ਦੇ ਠਹਿਰਨ ਅਤੇ ਸਵੇਰ ਦੀ ਡਿਊਟੀ ਦੌਰਾਨ ਪੋਲਿੰਗ ਸਟਾਫ਼ ਨੂੰ ਤਾਜ਼ਾ ਪਕਾਇਆ ਭੋਜਨ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਦੱਸਿਆ ਕਿ ਖਾਣਾ ਮਿਡ ਡੇ ਮੀਲ ਵਰਕਰਾਂ ਦੁਆਰਾ ਪਕਾਇਆ ਜਾਵੇਗਾ।

ਉਨ੍ਹਾਂ ਏ.ਆਰ.ਓਜ਼ ਅਤੇ ਏ.ਡੀ.ਸੀਜ਼ ਨੂੰ ਹਦਾਇਤ ਕੀਤੀ ਕਿ ਉਹ ਪੋਲਿੰਗ ਸਟਾਫ਼ ਦੀਆਂ ਰਿਹਰਸਲਾਂ ਦੌਰਾਨ ਵੀ ਵਧੇਰੇ ਚੌਕਸੀ ਵਰਤਣ ਤਾਂ ਜੋ ਉਨ੍ਹਾਂ ਨੂੰ ਗਰਮੀ ਤੋਂ ਬਚਾਇਆ ਜਾ ਸਕੇ। ਇਸ ਮੌਕੇ ਏ ਡੀ ਸੀ (ਜੀ) ਰਾਜੀਵ ਐਸ ਤਿੜਕੇ, ਕਮਿਸ਼ਨਰ ਐਮਸੀ ਮੁਹਾਲੀ ਨਵਜੋਤ ਕੌਰ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਏ ਡੀ ਸੀ (ਡ) ਸੋਨਮ ਚੌਧਰੀ, ਗਮਾਡਾ ਦੇ ਵਧੀਕ ਮੁੱਖ ਪ੍ਰਸ਼ਾਸਕ ਅਮਰਿੰਦਰ ਸਿੰਘ ਟਿਵਾਣਾ, ਸਿਵਲ ਸਰਜਨ ਡਾ: ਦਵਿੰਦਰ ਕੁਮਾਰ ਅਤੇ ਏ ਆਰ ਓਜ਼ ਦੀਪਾਂਕਰ ਗਰਗ, ਗੁਰਮੰਦਰ ਸਿੰਘ ਅਤੇ ਹਿਮਾਂਸ਼ੂ ਗੁਪਤਾ ਹਾਜ਼ਰ ਸਨ।ਰ ਸਨ।

Scroll to Top