July 7, 2024 12:12 pm
Yogi Adityanath

ਚੰਡੀਗੜ੍ਹ ‘ਚ ਕਾਂਗਰਸ ‘ਤੇ ਵਰ੍ਹੇ CM ਯੋਗੀ ਆਦਿੱਤਿਆਨਾਥ, ਆਖਿਆ- ਕਾਂਗਰਸ ਨੇ ਦੇਸ਼ ਤੇ ਸਮਾਜ ਨੂੰ ਵੰਡਿਆ

ਚੰਡੀਗੜ੍ਹ, 20 ਮਈ 2024: ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ (CM Yogi Adityanath) ਸੋਮਵਾਰ ਨੂੰ ਭਾਜਪਾ ਉਮੀਦਵਾਰ ਸੰਜੇ ਟੰਡਨ ਦੇ ਹੱਕ ‘ਚ ਚੋਣ ਪ੍ਰਚਾਰ ਲਈ ਚੰਡੀਗੜ੍ਹ ਪਹੁੰਚੇ। ਇੱਥੇ ਉਨ੍ਹਾਂ ਨੇ ਮਲੋਆ ਸਥਿਤ ਸਰਕਾਰੀ ਸਕੂਲ ਨੇੜੇ ਖਾਲੀ ਮੈਦਾਨ ਵਿੱਚ ਕੀਤੀ ਰੈਲੀ ਨੂੰ ਸੰਬੋਧਨ ਕੀਤਾ।

ਰੈਲੀ ‘ਚ ਯੋਗੀ ਆਦਿੱਤਿਆਨਾਥ ਨੇ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ ਅਤੇ ਸਮਾਜ ਨੂੰ ਵੰਡਿਆ ਹੈ। ਹੁਣ ਉਨ੍ਹਾਂ ਦੀ ਨਜ਼ਰ ਲੋਕਾਂ ਦੀ ਜਾਇਦਾਦ ‘ਤੇ ਪਈ ਹੈ। ਉਹ ਅੱਧੀ ਜਾਇਦਾਦ ਲੈ ਕੇ ਮੁਸਲਮਾਨਾਂ ਨੂੰ ਦੇਣਗੇ।

ਯੋਗੀ ਆਦਿੱਤਿਆਨਾਥ (CM Yogi Adityanath) ਨੇ ਕਿਹਾ ਕਿ ਜੋ ਰਾਮ ਦਾ ਹੈ ਉਹ ਸਾਡਾ ਹੈ, ਨਹੀਂ ਤਾਂ ਕਿਸੇ ਦੇ ਕੰਮ ਦਾ ਨਹੀਂ। ਕਾਂਗਰਸ ਪਹਿਲਾਂ ਹੀ ਰਾਮ ਨੂੰ ਨਕਾਰ ਚੁੱਕੀ ਸੀ। ਅੱਜ ਪੰਜਾਬ ਵਿੱਚ ਮਾਫੀਆ ਖੁੱਲ੍ਹੇਆਮ ਘੁੰਮ ਰਹੇ ਹਨ ਪਰ ਯੂਪੀ ਵਿੱਚ ਅਸੀਂ ਉਨ੍ਹਾਂ ‘ਤੇ ਠੱਲ੍ਹ ਪਾਈ ਹੈ। ਉਨ੍ਹਾਂ ਨੇ ਚੰਡੀਗੜ੍ਹ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਉੱਡਣਖਟੋਲਾ ਦੱਸਿਆ |

ਉਨ੍ਹਾਂ ਕਿਹਾ ਕਿ ਔਰੰਗਜ਼ੇਬ ਦੀ ਆਤਮਾ ਕਾਂਗਰਸ ਵਿੱਚ ਦਾਖ਼ਲ ਹੋ ਗਈ ਹੈ। ਸਾਨੂੰ ਹੋਰ ਔਰੰਗਜ਼ੇਬ ਨਹੀਂ ਚਾਹੀਦਾ। ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਨੂੰ ਬਿਹਤਰ ਭਾਰਤ ਬਣਾਇਆ ਹੈ। ਹੁਣ ਸਾਨੂੰ ਇਸ ਨੂੰ ਆਤਮ-ਨਿਰਭਰ ਭਾਰਤ ਬਣਾਉਣਾ ਹੈ।

ਯੋਗੀ ਆਦਿਤਿਆਨਾਥ ਨੇ ਕਿਹਾ ਕਿ ਕਾਂਗਰਸ ਸਰਕਾਰ ਵੇਲੇ ਗਰੀਬ ਭੁੱਖੇ ਮਰਦੇ ਸਨ। ਮੋਦੀ 80 ਕਰੋੜ ਲੋਕਾਂ ਨੂੰ ਮੁਫਤ ਰਾਸ਼ਨ ਦੇ ਰਹੇ ਹਨ। ਉਨ੍ਹਾਂ ਪ੍ਰਬੰਧ ਕੀਤਾ ਕਿ ਜੇਕਰ ਕਾਰਡ ਯੂ.ਪੀ ਅਤੇ ਬਿਹਾਰ ਦਾ ਹੈ ਤਾਂ ਵੀ ਰਾਸ਼ਨ ਚੰਡੀਗੜ੍ਹ ਤੋਂ ਲੈ ਸਕਦਾ ਹੈ।