ਚੰਡੀਗੜ੍ਹ, 15 ਮਈ 2024: ਪਾਕਿਸਤਾਨ ਦੇ 5ਵੇਂ ਸਭ ਤੋਂ ਵੱਡੇ ਸ਼ਹਿਰ ਹੈਦਰਾਬਾਦ ‘ਚ ਸਿੰਧ ਦਾ ਤੀਜਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ (Gurdwara Sahib) ਸੰਗਤਾਂ ਲਈ ਖੋਲ੍ਹ ਦਿੱਤਾ ਗਿਆ ਹੈ। 28 ਅਪ੍ਰੈਲ 2024 ਨੂੰ ਹੈਦਰਾਬਾਦ ਦੇ ਸਿੰਧੀ ਨਾਨਕਪੰਥੀ ਭਾਈਚਾਰੇ ਨੇ ਰਸਮੀ ਤੌਰ ‘ਤੇ ‘ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ’ ਖੋਲ੍ਹਿਆ।
ਹੈਦਰਾਬਾਦ ਪਾਕਿਸਤਾਨ ਦਾ 5ਵਾਂ ਵੱਡਾ ਸ਼ਹਿਰ ਹੋਣ ਦੇ ਨਾਲ-ਨਾਲ ਸਿੰਧ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਵੀ ਹੈ। ਇਹ ਗੁਰਦੁਆਰਾ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਅਤੇ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਬਾਅਦ ਪਾਕਿਸਤਾਨ ਦਾ ਤੀਜਾ ਸਭ ਤੋਂ ਵੱਡਾ ਗੁਰਦੁਆਰਾ ਸਾਹਿਬ ਦੱਸਿਆ ਜਾ ਰਿਹਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਲਾਇਬ੍ਰੇਰੀ ਪਾਠਸ਼ਾਲਾ ਦਾ ਉਦਘਾਟਨੀ ਸਮਾਗਮ 28 ਅਪ੍ਰੈਲ ਨੂੰ ਤਿੰਨ ਦਿਨਾਂ ਤੱਕ ਭਰਵੇਂ ਸਮਾਗਮਾਂ ਵਿੱਚ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿੱਚ ਪ੍ਰਸਿੱਧ ਕੀਰਤਨੀ ਭਾਈ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਸਮੇਤ ਬੀਬੀ ਮਹਿਮਾ ਕੌਰ ਅਤੇ ਭਾਈ ਨਾਨਕ ਰਾਮ ਵਾਲੇ ਕੀਰਤਨੀ ਜਥੇ ਸ਼ਾਮਲ ਸਨ। ਇਹ ਸਾਰੀ ਸੇਵਾ ਸ੍ਰੀ ਗੁਰੂ ਨਾਨਕ ਦੇਵ ਜੀ ਟਰੱਸਟ ਦੁਆਰਾ ਕੀਤੀ ਗਈ ਹੈ। ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦਰਬਾਰ ਸਾਹਿਬ ਕੰਪਲੈਕਸ ਸ਼ਾਹ ਬੁਖਾਰੀ ਰੋਡ (ਬਾਈਪਾਸ) ‘ਤੇ ਮਾਤਾ ਪਿੰਡ ਹਾਊਸਿੰਗ ਸੁਸਾਇਟੀ ਦੇ ਨੇੜੇ ਸਥਿਤ ਹੈ।
ਹੈਦਰਾਬਾਦ ਵਿੱਚ ਸਿਰਫ਼ ਮੁੱਠੀ ਭਰ ਖ਼ਾਲਸਾ ਸਿੱਖ ਹੀ ਰਹਿੰਦੇ ਹਨ, ਪਰ ਸਿੰਧੀ ਹਿੰਦੂ ਭਾਈਚਾਰੇ ਅੰਦਰਲੇ ਸਿੰਧੀ ਨਾਨਕਪੰਥੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਸ਼ਰਧਾਲੂ ਹਨ। ਗੁਰਦੁਆਰਾ ਸਾਹਿਬ (Gurdwara Sahib) ਵਿੱਚ ਇੱਕ ਮੈਡੀਕਲ ਸੈਂਟਰ ਹੈ, ਜੋ ਕਾਰਜਸ਼ੀਲ ਹੋਣ ‘ਤੇ ਸਭ ਲਈ ਖੋਲ੍ਹਿਆ ਜਾਵੇਗਾ, ਇੱਕ ਲਾਇਬ੍ਰੇਰੀ ਅਤੇ ਪਾਠਸ਼ਾਲਾ ਹੈ, ਜਿਥੇ ਧਾਰਮਿਕ ਅਧਿਐਨ ਪ੍ਰਦਾਨ ਕੀਤਾ ਜਾਵੇਗਾ।