ਚੰਡੀਗੜ੍ਹ, 14 ਮਈ 2024: ਪੰਜਾਬ ਦੇ ਜਲੰਧਰ ਦੇ ਪਿੰਡ ਦੁਸਾਂਝ ਕਲਾਂ (Dosanjh Kalan) ਦੇ ਇੱਕ ਗੁਰਦੁਆਰੇ ਦੇ ਹੈੱਡ ਗ੍ਰੰਥੀ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭਾਈ ਸੁਰਿੰਦਰ ਸਿੰਘ ਸੋਢੀ (43) ਵਾਸੀ ਫਿਲੌਰ ਵਜੋਂ ਹੋਈ ਹੈ।
ਇਹ ਹਾਦਸਾ ਗੁਰਦੁਆਰਾ ਸਾਹਿਬ ‘ਚ ਨਿਸ਼ਾਨ ਸਾਹਿਬ ਚੜ੍ਹਾਉਂਦੇ ਸਮੇਂ ਵਾਪਰਿਆ। ਘਟਨਾ ਸਮੇਂ ਮੌਜੂਦ ਲੋਕਾਂ ਨੇ ਗ੍ਰੰਥੀ ਨੂੰ ਹਸਪਤਾਲ ਪਹੁੰਚਾਇਆ ਪਰ ਉਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਗ੍ਰੰਥੀ ਦੀ ਮੌਤ ਤੋਂ ਬਾਅਦ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ (Dosanjh Kalan) ਦੇ ਪ੍ਰਧਾਨ ਜੁਗਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਗੁਰਦੁਆਰਾ ਸਾਹਿਬ ਦੇ ਉਪਰੋਂ ਲੰਘਦੀਆਂ ਹਨ। ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਰਿੰਦਰ ਸਿੰਘ ਸੋਢੀ ਸਵੇਰੇ 7.30 ਵਜੇ ਨਿਸ਼ਾਨ ਸਾਹਿਬ ਚੜ੍ਹਾ ਰਹੇ ਸਨ। ਇਸ ਦੇ ਨਾਲ ਹੀ ਨਿਸ਼ਾਨ ਸਾਹਿਬ ਦੇ ਖੰਭੇ ਵਿੱਚ ਬਿਜਲੀ ਦਾ ਕਰੰਟ ਲੱਗ ਗਿਆ। ਬਿਜਲੀ ਦੀਆਂ ਤਾਰਾਂ ਦੇ ਖੰਭੇ ਨੂੰ ਛੂਹਣ ਕਾਰਨ ਇਹ ਕਰੰਟ ਲੱਗਾ।