ਚੰਡੀਗੜ੍ਹ, 03 ਮਈ 2024: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਹੁਣ ਰਾਏਬਰੇਲੀ ਤੋਂ ਚੋਣ ਲੜਨਗੇ, ਜਦਕਿ ਸੋਨੀਆ ਗਾਂਧੀ ਦੇ ਪ੍ਰਤੀਨਿਧੀ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਤੋਂ ਚੋਣ ਲੜਨਗੇ। ਅਮੇਠੀ ਅਤੇ ਰਾਏਬਰੇਲੀ ਸੀਟਾਂ ਤੋਂ ਕਾਂਗਰਸ ਦੇ ਉਮੀਦਵਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਭੰਬਲਭੂਸਾ ਸ਼ੁੱਕਰਵਾਰ ਸਵੇਰੇ ਖਤਮ ਹੋ ਗਿਆ।
ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਦੋਵਾਂ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਕਿਸ਼ੋਰੀ ਲਾਲ ਸ਼ਰਮਾ ਅਮੇਠੀ ਤੋਂ ਅਤੇ ਰਾਹੁਲ ਗਾਂਧੀ ਰਾਏਬਰੇਲੀ ਤੋਂ ਚੋਣ ਲੜਨਗੇ। ਰਾਹੁਲ ਗਾਂਧੀ ਲਈ ਪਾਰਟੀ ਨੇ ਰਾਏਬਰੇਲੀ ਨੂੰ ਅਮੇਠੀ ਨਾਲੋਂ ਸੁਰੱਖਿਅਤ ਮੰਨਿਆ ਹੈ। ਕਿਉਂਕਿ ਇਹ ਸੀਟ ਅਜੇ ਵੀ ਕਾਂਗਰਸ ਕੋਲ ਹੈ। ਰਾਹੁਲ ਗਾਂਧੀ ਅਮੇਠੀ ਏਅਰਪੋਰਟ ਪਹੁੰਚ ਚੁੱਕੇ ਹਨ, ਉਨ੍ਹਾਂ ਨਾਲ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵੀ ਮੌਜੂਦ ਹਨ |
ਅਮੇਠੀ ਅਤੇ ਰਾਏਬਰੇਲੀ ਸੀਟਾਂ ਲਈ ਨਾਮਜ਼ਦਗੀਆਂ ਦੀ ਅੱਜ ਆਖਰੀ ਤਾਰੀਖ਼ ਹੈ। ਰਾਏਬਰੇਲੀ ਤੋਂ ਰਾਹੁਲ ਗਾਂਧੀ (Rahul Gandhi) ਅਤੇ ਅਮੇਠੀ ਤੋਂ ਕੇਐਲ ਸ਼ਰਮਾ ਅੱਜ ਹੀ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਕਾਂਗਰਸ ਨੇ ਅਮੇਠੀ ਅਤੇ ਰਾਏਬਰੇਲੀ ਦੇ ਉਮੀਦਵਾਰਾਂ ਬਾਰੇ ਸਮਾਜਵਾਦੀ ਪਾਰਟੀ ਨੂੰ ਸੂਚਿਤ ਕਰ ਦਿੱਤਾ ਹੈ। ਕਾਂਗਰਸ ਨੇ ਅਮੇਠੀ ਅਤੇ ਰਾਏਬਰੇਲੀ ਵਿੱਚ ਸਪਾ ਦੇ ਸਥਾਨਕ ਪਦਅਧਿਕਾਰੀਆਂ ਨੂੰ ਨਾਮਜ਼ਦਗੀ ਵਿੱਚ ਹਿੱਸਾ ਲੈਣ ਲਈ ਸੱਦਾ ਦਿੱਤਾ ਹੈ।