ਚੰਡੀਗੜ੍ਹ, 22 ਅਪ੍ਰੈਲ, 2024: ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਖ਼ਿਲਾਫ਼ ਮੈਚ ਦੌਰਾਨ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੂੰ ਅੰਪਾਇਰ ਨਾਲ ਬਹਿਸ ਕਰਨਾ ਮਹਿੰਗਾ ਪਿਆ। ਕੋਹਲੀ ‘ਤੇ ਆਈਪੀਐਲ ਦੇ ਜ਼ਾਬਤੇ ਦੀ ਉਲੰਘਣਾ ਕਰਨ ਲਈ ਮੈਚ ਫੀਸ ਦਾ 50 ਫੀਸਦੀ ਜ਼ੁਰਮਾਨਾ ਲਗਾਇਆ ਗਿਆ ਹੈ। ਐਤਵਾਰ ਨੂੰ ਈਡਨ ਗਾਰਡਨ ‘ਚ ਖੇਡੇ ਗਏ ਮੈਚ ‘ਚ ਕੇਕੇਆਰ ਨੇ ਆਰਸੀਬੀ ਨੂੰ ਇਕ ਦੌੜ ਨਾਲ ਹਰਾ ਦਿੱਤਾ | ਆਈਪੀਐਲ 2024 ਸੀਜ਼ਨ ਵਿੱਚ ਅੱਠ ਮੈਚਾਂ ਵਿੱਚ ਆਰਸੀਬੀ ਦੀ ਇਹ ਸੱਤਵੀਂ ਹਾਰ ਸੀ।
ਕੇਕੇਆਰ ਅਤੇ ਆਰਸੀਬੀ ਵਿਚਾਲੇ ਮੈਚ ਦੌਰਾਨ ਕੋਹਲੀ (Virat Kohli) ਦੇ ਆਊਟ ਹੋਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ ਅਤੇ ਕੋਹਲੀ ਨੇ ਤੀਜੇ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਜਤਾਈ ਸੀ। ਇਸ ਮੈਚ ਵਿੱਚ ਕੇਕੇਆਰ ਨੇ ਆਰਸੀਬੀ ਨੂੰ ਜਿੱਤ ਲਈ 223 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ ‘ਚ ਵਿਰਾਟ ਕੋਹਲੀ ਅਤੇ ਫਾਫ ਡੁਪਲੇਸਿਸ ਕ੍ਰੀਜ਼ ‘ਤੇ ਆਏ ਅਤੇ ਦੋਵਾਂ ਬੱਲੇਬਾਜ਼ਾਂ ਨੇ ਟੀਮ ਨੂੰ ਤੇਜ਼ ਸ਼ੁਰੂਆਤ ਦਿੱਤੀ ਪਰ ਕੋਹਲੀ ਤੀਜੇ ਓਵਰ ‘ਚ ਹਰਸ਼ਿਤ ਰਾਣਾ ਦੀ ਗੇਂਦ ‘ਤੇ ਆਪਣਾ ਵਿਕਟ ਗੁਆ ਬੈਠੇ। ਕੋਹਲੀ ਨੇ ਰਿਵਿਊ ਲਿਆ ਪਰ ਅੰਪਾਇਰ ਨੇ ਉਸ ਨੂੰ ਆਊਟ ਐਲਾਨ ਦਿੱਤਾ।
ਤੀਜੇ ਓਵਰ ਦੀ ਗੇਂਦਬਾਜ਼ੀ ਕਰਨ ਆਏ ਹਰਸ਼ਿਤ ਨੇ ਪਹਿਲੀ ਹੀ ਗੇਂਦ ‘ਤੇ ਆਫ ਸਟੰਪ ਦੀ ਕਮਰ ‘ਤੇ ਫੁਲ ਟਾਸ ਸੁੱਟ ਕੇ ਕੋਹਲੀ ਨੂੰ ਹੈਰਾਨ ਕਰ ਦਿੱਤਾ। ਕੋਹਲੀ ਨੇ ਗੇਂਦ ਨੂੰ ਆਨ ਸਾਈਡ ‘ਤੇ ਮੋੜਨਾ ਚਾਹਿਆ, ਪਰ ਉਸ ਨੇ ਪਹਿਲਾਂ ਬੱਲੇ ਦਾ ਮੂੰਹ ਮੋੜਿਆ ਅਤੇ ਗੇਂਦ ਅੰਦਰਲੇ ਕਿਨਾਰੇ ਨੂੰ ਲੈ ਕੇ ਸਿੱਧੀ ਹਰਸ਼ਿਤ ਦੇ ਹੱਥ ‘ਚ ਚਲੀ ਗਈ।
ਕੋਹਲੀ ਨੇ ਤੁਰੰਤ ਡੀ.ਆਰ.ਐਸ. ਲੈ ਲਿਆ ਅਤੇ ਕੋਹਲੀ ਦਾ ਮੰਨਣਾ ਸੀ ਕਿ ਗੇਂਦ ਕਮਰ ਤੋਂ ਉੱਪਰ ਆ ਗਈ ਸੀ ਅਤੇ ਇਸ ਨੂੰ ਨੋ ਬਾਲ ਕਿਹਾ ਜਾਣਾ ਚਾਹੀਦਾ ਹੈ। ਹਾਲਾਂਕਿ ਟੀਵੀ ਅੰਪਾਇਰ ਨੇ ਹਾਕ ਆਈ ਸਿਸਟਮ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਦੇ ਮੁਤਾਬਕ ਕੋਹਲੀ ਨੂੰ ਆਊਟ ਦਿੱਤਾ ਗਿਆ ਕਿਉਂਕਿ ਉਹ ਕ੍ਰੀਜ਼ ਤੋਂ ਬਾਹਰ ਚਲੇ ਗਏ ਸਨ, ਪਰ ਕੋਹਲੀ ਤੀਜੇ ਅੰਪਾਇਰ ਦੇ ਫੈਸਲੇ ਤੋਂ ਨਿਰਾਸ਼ ਸਨ।