ਚੰਡੀਗੜ੍ਹ 21 ਅਪ੍ਰੈਲ 2024: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ ‘ਤੇ ਪੰਜਾਬ ਦੇ ਸ਼ੰਭੂ ਰੇਲਵੇ ਸਟੇਸ਼ਨ ‘ਤੇ ਕਿਸਾਨਾਂ ਵੱਲੋਂ ਪੰਜ ਦਿਨਾਂ ਤੋਂ ਟ੍ਰੈਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਰੇਲ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।
ਇਸ ਕਾਰਨ ਨਾ ਸਿਰਫ਼ ਮੁਸਾਫ਼ਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਸਗੋਂ ਰੇਲਵੇ ਨੂੰ ਵੀ ਆਰਥਿਕ ਨੁਕਸਾਨ ਹੋ ਰਿਹਾ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਰੇਲਵੇ ਨੂੰ ਐਤਵਾਰ ਅਤੇ ਸੋਮਵਾਰ ਨੂੰ ਵੀ 73 ਟਰੇਨਾਂ ਰੱਦ ਕਰਨੀਆਂ ਪਈਆਂ। ਇੰਨਾ ਹੀ ਨਹੀਂ ਕਈ ਟਰੇਨਾਂ ਦੇ ਰੂਟ ਡਾਇਵਰਟ ਕਰਨੇ ਪਏ। ਜਿਸ ਦੀ ਸੂਚੀ ਵੀ ਰੇਲਵੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਕਿਸਾਨਾਂ ਨੇ ਭਲਕੇ 22 ਅਪ੍ਰੈਲ ਨੂੰ ਜੀਂਦ ਵਿੱਚ ਬੈਠਕ ਕਰਕੇ ਜੇਲ੍ਹ ਵਿੱਚ ਬੰਦ ਕਿਸਾਨਾਂ ਦੀ ਰਿਹਾਈ ਸਬੰਧੀ ਵੱਡਾ ਐਲਾਨ ਕਰਨ ਲਈ ਕਿਹਾ ਹੈ। ਇੱਥੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਰੈਲੀ ਕਰਨਗੇ। ਇਸਤੋਂ ਬਾਅਦ ਭਵਿੱਖ ਦੀ ਰਣਨੀਤੀ ਤਿਆਰ ਕੀਤੀ ਜਾਵੇਗੀ |