Derabassi

DC ਆਸ਼ਿਕਾ ਜੈਨ ਵੱਲੋਂ ਡੇਰਾਬੱਸੀ ਦੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ, ਕਰੀਬ 2000 ਏਕੜ ਫਸਲ ਦਾ ਨੁਕਸਾਨ

ਡੇਰਾਬੱਸੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 20 ਅਪ੍ਰੈਲ, 2024: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸ਼ਨੀਵਾਰ ਨੂੰ ਡੇਰਾਬੱਸੀ (Derabassi) ਦੇ ਮੀਂਹ (Rain)/ਗੜੇਮਾਰੀ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ ਅਤੇ ਪੀੜਤ ਕਿਸਾਨਾਂ ਨੂੰ ਮੁਆਵਜ਼ੇ ਬਾਰੇ ਫੈਸਲਾ ਲੈਣ ਲਈ ਨੁਕਸਾਨ ਦੀ ਰਿਪੋਰਟ ਰਾਜ ਸਰਕਾਰ ਨੂੰ ਭੇਜਣ ਦਾ ਭਰੋਸਾ ਦਿੱਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀਮਤੀ ਜੈਨ ਨੇ ਦੱਸਿਆ ਕਿ ਡੇਰਾਬੱਸੀ ਦੀ ਬਾਗਬਾਨੀ ਪੱਟੀ ਵਿੱਚ ਫ਼ਸਲਾਂ ਦੇ ਨੁਕਸਾਨ ਦੀਆਂ ਰਿਪੋਰਟਾਂ ਪ੍ਰਾਪਤ ਕਰਨ ਉਪਰੰਤ ਅੱਜ ਬਾਅਦ ਦੁਪਹਿਰ ਉਨ੍ਹਾਂ ਪਿੰਡ ਚੰਡਿਆਲਾ, ਅਮਲਾਲਾ, ਬਰੌਲੀ, ਕਾਰਕੋਰ, ਬੋਹੜਾ, ਪਰਾਗਪੁਰ, ਮਹਿਮੂਦਪੁਰ ਅਤੇ ਬ੍ਰਹਮਪੁਰਾ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਸਬਜ਼ੀਆਂ/ਫਲਾਂ ਜਿਵੇਂ ਤਰਬੂਜ, ਖ਼ਰਬੂਜਾ ਅਤੇ ਪਿਆਜ਼ ਦੀਆਂ ਫ਼ਸਲਾਂ ਗੜੇਮਾਰੀ/ਭਾਰੀ ਬਰਸਾਤ ਕਾਰਨ ਪ੍ਰਭਾਵਿਤ ਹੋਈਆਂ ਹਨ। ਐਸ ਡੀ ਐਮਜ਼ ਨੂੰ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਪ੍ਰਭਾਵਿਤ ਖੇਤਰਾਂ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਤਾਂ ਜੋ ਅਗਲੀ ਕਾਰਵਾਈ ਲਈ ਇੱਕ ਸਾਂਝੀ ਰਿਪੋਰਟ ਰਾਜ ਸਰਕਾਰ ਨੂੰ ਭੇਜੀ ਜਾ ਸਕੇ।

ਇਨ੍ਹਾਂ ਪਿੰਡਾਂ ਦੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਹੈ ਕਿ ਉਹ ਬਾਰਿਸ਼ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਆਪੋ-ਆਪਣੇ ਸਬ-ਡਵੀਜ਼ਨਾਂ ਵਿੱਚ ਹੋਏ ਨੁਕਸਾਨ ਦੀ ਜਾਂਚ ਕਰਨ ਤਾਂ ਜੋ ਮੁੱਢਲੀ ਸਰਵੇਖਣ ਰਿਪੋਰਟ ਸੂਬਾ ਸਰਕਾਰ ਨੂੰ ਭੇਜੀ ਜਾ ਸਕੇ।

ਉਨ੍ਹਾਂ ਦੱਸਿਆ ਕਿ ਡੇਰਾਬੱਸੀ (Derabassi) ਵਿੱਚ ਹੁਣ ਤੱਕ ਕਰੀਬ 2000 ਏਕੜ ਜਦੋਂਕਿ ਮੁਹਾਲੀ ਵਿੱਚ 200 ਏਕੜ ਬਾਗਬਾਨੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਡਿਪਟੀ ਕਮਿਸ਼ਨਰ ਨੇ ਜ਼ਮੀਨੀ ਪੱਧਰ ‘ਤੇ ਚੱਲ ਰਹੇ ਖਰੀਦ ਕਾਰਜਾਂ ਦਾ ਜਾਇਜ਼ਾ ਲੈਣ ਲਈ ਅਮਲਾਲਾ ਪਿੰਡ ਦੀ ਅਨਾਜ ਮੰਡੀ ਦਾ ਵੀ ਦੌਰਾ ਕੀਤਾ। ਕਿਸਾਨਾਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਈ। ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਹਿਮਾਂਸ਼ੂ ਗੁਪਤਾ ਨੂੰ ਕਿਹਾ ਕਿ ਸਬ ਡਵੀਜ਼ਨ ਵਿੱਚ ਖਰੀਦ ਕਾਰਜਾਂ ਦੀ ਲਗਾਤਾਰ ਜਾਂਚ ਕੀਤੀ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ।

Scroll to Top