ਚੰਡੀਗੜ੍ਹ, 19 ਅਪ੍ਰੈਲ 2024: ਇਜ਼ਰਾਈਲ ਅਤੇ ਈਰਾਨ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਭਾਰਤੀ ਏਅਰਲਾਈਨ ਕੰਪਨੀ ਏਅਰ ਇੰਡੀਆ (Air India) ਨੇ ਤੇਲ ਅਵੀਵ ਲਈ ਆਪਣੀਆਂ ਸਾਰੀਆਂ ਉਡਾਣਾਂ 30 ਅਪ੍ਰੈਲ ਤੱਕ ਰੋਕ ਦਿੱਤੀਆਂ ਹਨ। ਏਅਰ ਇੰਡੀਆ ਨੇ ਇੱਕ ਪੋਸਟ ਵਿੱਚ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ।
ਏਅਰ ਇੰਡੀਆ (Air India) ਨੇ ਆਪਣੀ ਪੋਸਟ ‘ਚ ਕਿਹਾ ਕਿ ਮੱਧ ਪੂਰਬ ‘ਚ ਸਥਿਤੀ ਨੂੰ ਦੇਖਦੇ ਹੋਏ ਅਸੀਂ 30 ਅਪ੍ਰੈਲ 2024 ਤੱਕ ਤੇਲ ਅਵੀਵ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਹੈ। ਅਸੀਂ ਸਥਿਤੀ ‘ਤੇ ਨਜ਼ਰ ਰੱਖ ਰਹੇ ਹਾਂ। ਅਸੀਂ ਆਪਣੇ ਉਨ੍ਹਾਂ ਯਾਤਰੀਆਂ ਨੂੰ ਸਹਾਇਤਾ ਪ੍ਰਦਾਨ ਕਰ ਰਹੇ ਹਾਂ ਜਿਨ੍ਹਾਂ ਨੇ ਪਹਿਲਾਂ ਹੀ ਤੇਲ ਅਵੀਵ ਲਈ ਅਤੇ ਇਸ ਤੋਂ ਉਡਾਣਾਂ ਬੁੱਕ ਕੀਤੀਆਂ ਹਨ। ਕੰਪਨੀ ਨੇ ਕਿਹਾ ਕਿ ਯਾਤਰੀਆਂ ਅਤੇ ਚਾਲਕ ਦਲ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰਾਲੇ ਨੇ ਈਰਾਨ ਅਤੇ ਇਜ਼ਰਾਈਲ ਲਈ ਟ੍ਰੈਵਲ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਅਗਲੇ ਨੋਟਿਸ ਤੱਕ ਈਰਾਨ ਅਤੇ ਇਜ਼ਰਾਈਲ ਦੀ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਹੈ। ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਸਾਰੇ ਭਾਰਤੀਆਂ ਨੂੰ ਵੀ ਬੇਨਤੀ ਕੀਤੀ ਹੈ ਜੋ ਵਰਤਮਾਨ ਵਿੱਚ ਈਰਾਨ ਅਤੇ ਇਜ਼ਰਾਈਲ ਵਿੱਚ ਰਹਿ ਰਹੇ ਹਨ।
ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨੂੰ ਤੁਰੰਤ ਦੂਤਾਵਾਸ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਚਾਹੀਦਾ ਹੈ। ਮੰਤਰਾਲੇ ਨੇ ਬੇਨਤੀ ਕੀਤੀ ਹੈ ਕਿ ਉਹ ਆਪਣੀ ਸੁਰੱਖਿਆ ਪ੍ਰਤੀ ਸਾਵਧਾਨ ਰਹਿਣ ਅਤੇ ਆਪਣੀਆਂ ਗਤੀਵਿਧੀਆਂ ਨੂੰ ਸੀਮਤ ਗਿਣਤੀ ਦੇ ਲੋਕਾਂ ਨਾਲ ਸਾਂਝਾ ਕਰਨ। ਇਸ ਤੋਂ ਇਲਾਵਾ ਭਾਰਤ ਨੇ ਆਪਣੇ ਕਰਮਚਾਰੀਆਂ ਨੂੰ ਇਜ਼ਰਾਈਲ ਭੇਜਣ ਦਾ ਫੈਸਲਾ ਫਿਲਹਾਲ ਟਾਲ ਦਿੱਤਾ ਹੈ। ਅਪ੍ਰੈਲ-ਮਈ ਵਿੱਚ ਛੇ ਹਜ਼ਾਰ ਉਸਾਰੀ ਕਾਮਿਆਂ ਨੂੰ ਇਜ਼ਰਾਈਲ ਭੇਜਣ ਦੀ ਯੋਜਨਾ ਸੀ।