election campaigning

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਰਾਜਸਥਾਨ ਦੀ ਹੱਦ ਨਾਲ 3 ਕਿੱਲੋਮੀਟਰ ਦੇ ਘੇਰੇ ਅੰਦਰ ਠੇਕੇ ਬੰਦ ਰੱਖਣ ਦੇ ਹੁਕਮ

ਫਾਜ਼ਿਲਕਾ 17 ਅਪ੍ਰੈਲ 2024: ਫਾਜ਼ਿਲਕਾ ਦੇ ਜਿਲਾ ਮੈਜਿਸਟਰੇਟ ਡਾ. ਸੇਨੂ ਦੁੱਗਲ ਆਈਏਐਸ ਨੇ ਪੰਜਾਬ ਐਕਸਾਈਜ਼ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਇੱਕ ਵਿਸ਼ੇਸ਼ ਹੁਕਮ ਰਾਹੀ ਜ਼ਿਲ੍ਹਾ ਫਾਜ਼ਿਲਕਾ ਦੀਆਂ ਰਾਜਸਥਾਨ ਨਾਲ ਲਗਦੀਆਂ ਹੱਦਾਂ ਵਿੱਚ ਤਿੰਨ ਕਿਲੋਮੀਟਰ ਦੇ ਘੇਰੇ ਅੰਦਰ ਮਿਤੀ 17 ਅਪ੍ਰੈਲ 2024 ਸ਼ਾਮ 5 ਵਜੇ ਤੋਂ ਮਿਤੀ 19 ਅਪ੍ਰੈਲ 2024 ਨੂੰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਅਤੇ ਵੋਟਾਂ ਦੀ ਗਿਣਤੀ ਵਾਲੇ ਦਿਨ 4 ਜੂਨ ਨੂੰ ਡਰਾਈ ਡੇ ਘੋਸ਼ਿਤ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਇਹਨਾਂ ਹੁਕਮਾਂ ਅਨੁਸਾਰ ਅੰਗਰੇਜੀ ਅਤੇ ਦੇਸੀ ਸ਼ਰਾਬ, ਸਪਿਰਿਟ, ਅਲਕੋਹਲ ਜਾਂ ਹੋਰ ਕੋਈ ਵੀ ਵਸਤੂ ਜਿਸ ਨਾਲ ਸ਼ਰਾਬ ਵਰਗਾ ਨਸ਼ਾ ਹੁੰਦਾ ਹੋਵੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਜਮਾਖੋਰੀ ਵੰਡ ਜਾਂ ਸ਼ਰਾਬ ਪਿਲਾਉਣ ਵਾਲੇ ਹੋਟਲਾਂ ਢਾਬਿਆਂ, ਅਹਾਤਿਆਂ, ਰੈਸਟੋਰੈਂਟ, ਬੀਅਰ ਬਾਰ, ਕਲੱਬ ਜਾਂ ਕੋਈ ਹੋਰ ਜਨਤਕ ਥਾਵਾਂ ਤੇ ਉਕਤ ਦਿਨਾਂ ਨੂੰ ਵੇਚਣ /ਸਰਵ ਕਰਨ ਤੇ ਪੂਰਨ ਪਾਬੰਦੀ ਰਹੇਗੀ।

ਕਲੱਬਾਂ, ਸਟਾਰ ਹੋਟਲਾਂ, ਰੈਸਟੋਰੈਂਟਾਂ ਆਦਿ ਅਤੇ ਕਿਸੇ ਵੱਲੋਂ ਵੀ ਚਲਾਏ ਜਾ ਰਹੇ ਹੋਟਲ ਭਾਵੇਂ ਕਿ ਉਹਨਾਂ ਨੂੰ ਸ਼ਰਾਬ ਰੱਖਣ ਤੇ ਸਪਲਾਈ ਕਰਨ ਦੇ ਵੱਖ-ਵੱਖ ਕੈਟਾਗਰੀਆਂ ਦੇ ਲਾਇਸੰਸ ਜਾਰੀ ਹੋਏ ਹੋਣ ਉੱਪਰ ਵੀ ਸ਼ਰਾਬ ਸਰਵ ਕਰਨ ਤੇ ਪਾਬੰਦੀ ਲਗਾਈ ਗਈ ਹੈ। ਅਜਿਹਾ ਰਾਜਸਥਾਨ ਵਿੱਚ 19 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਕੀਤਾ ਗਿਆ ਹੈ। ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Scroll to Top