ਚੰਡੀਗੜ੍ਹ, 13 ਅਪ੍ਰੈਲ 2024: ਇੰਡੀਅਨ ਪ੍ਰੀਮਿਅਰ ਲੀਗ 2024 ਵਿੱਚ ਸ਼ੁੱਕਰਵਾਰ ਨੂੰ ਦਿੱਲੀ ਕੈਪੀਟਲਸ ਨੇ ਲਖਨਊ ਸੁਪਰਜਾਇੰਟਸ ਨੂੰ ਛੇ ਵਿਕਟਾਂ ਨਾਲ ਹਰਾਇਆ। ਦਿੱਲੀ ਨੇ 168 ਦੌੜਾਂ ਦਾ ਟੀਚਾ 18.1 ਓਵਰਾਂ ਵਿੱਚ ਹਾਸਲ ਕਰ ਲਿਆ। ਦਿੱਲੀ ਲਈ ਡੈਬਿਊ ਕਰਨ ਵਾਲੇ ਜੇਕ ਫਰੇਜ਼ਰ ਮੈਕਗਰਕ ਨੇ 35 ਗੇਂਦਾਂ ‘ਚ 55 ਦੌੜਾਂ ਅਤੇ ਕਪਤਾਨ ਰਿਸ਼ਭ ਪੰਤ (Rishabh Pant) ਨੇ 24 ਗੇਂਦਾਂ ‘ਚ 41 ਦੌੜਾਂ ਬਣਾਈਆਂ।
ਇਸ ਦੌਰਾਨ ਰਿਸ਼ਭ ਪੰਤ ਨੇ ਨੌਂ ਦੌੜਾਂ ਬਣਾ ਕੇ ਇਕ ਖਾਸ ਰਿਕਾਰਡ ਆਪਣੇ ਨਾਂ ਕੀਤਾ। ਪੰਤ ਨੇ ਆਈਪੀਐਲ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ 25ਵਾਂ ਖਿਡਾਰੀ ਬਣ ਗਿਆ। ਇਸ ਨਾਲ ਉਹ ਤਿੰਨ ਹਜ਼ਾਰ ਆਈਪੀਐਲ ਦੌੜਾਂ ਪੂਰੀਆਂ ਕਰਨ ਵਾਲਾ ਤੀਜਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣ ਗਿਆ।
ਰਿਸ਼ਭ ਪੰਤ (Rishabh Pant) ਨੇ 26 ਸਾਲ 191 ਦਿਨ ਦੀ ਉਮਰ ਵਿੱਚ ਇਹ ਉਪਲਬਧੀ ਹਾਸਲ ਕੀਤੀ ਹੈ । ਜੇਕਰ ਉਹ ਛੇ ਦਿਨ ਪਹਿਲਾਂ ਯਾਨੀ 7 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਇਹ ਉਪਲੱਬਧੀ ਹਾਸਲ ਕਰ ਲੈਂਦਾ ਤਾਂ ਉਹ ਦੂਜੇ ਸਥਾਨ ‘ਤੇ ਰਹੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੰਦਾ। ਵਿਰਾਟ ਨੇ 26 ਸਾਲ 186 ਦਿਨ ਦੀ ਉਮਰ ‘ਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਸਨ। ਸ਼ੁਭਮਨ ਗਿੱਲ ਪਹਿਲੇ ਨੰਬਰ ‘ਤੇ ਹਨ। ਗਿੱਲ ਨੇ 24 ਸਾਲ 215 ਦਿਨ ਦੀ ਉਮਰ ਵਿੱਚ ਆਈਪੀਐਲ ਵਿੱਚ ਤਿੰਨ ਹਜ਼ਾਰ ਦੌੜਾਂ ਪੂਰੀਆਂ ਕੀਤੀਆਂ ਹਨ ।