ਚੰਡੀਗੜ੍ਹ, 13 ਮਾਰਚ 2024: ਹਰਿਆਣਾ ਵਿੱਚ ਮੰਗਲਵਾਰ ਨੂੰ ਨਾਇਬ ਸਿੰਘ ਸੈਣੀ (CM Nayab Singh Saini) ਦੀ ਅਗਵਾਈ ਵਿੱਚ ਨਵੀਂ ਸਰਕਾਰ ਬਣੀ ਹੈ। ਅੱਜ ਵਿਧਾਨ ਸਭਾ ਦੇ ਇੱਕ ਦਿਨਾ ਇਜਲਾਸ ਵਿੱਚ ਸਰਕਾਰ ਨੇ ਆਪਣਾ ਬਹੁਮਤ ਸਾਬਤ ਕਰ ਦਿੱਤਾ। ਭਰੋਸੇ ਦਾ ਮਤਾ ਜ਼ੁਬਾਨੀ ਵੋਟ ਨਾਲ ਪਾਸ ਹੋਇਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸਦਨ ਵਿੱਚ ਭਰੋਸੇ ਦੇ ਵੋਟ ’ਤੇ ਚਰਚਾ ਦੌਰਾਨ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਹ ਮੁੱਖ ਮੰਤਰੀ ਵਜੋਂ ਸਦਨ ਵਿੱਚ ਆਏ ਹਨ। ਸੀਐਮ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮੈਂ ਮਨੋਹਰ ਲਾਲ ਦੀ ਨਿਗਰਾਨੀ ਵਿੱਚ ਵੱਡਾ ਹੋਇਆ ਹਾਂ।
ਭਰੋਸੇ ਦੇ ਵੋਟ ਦੌਰਾਨ ਜੇਜੇਪੀ ਦੇ ਦਸ ਵਿੱਚੋਂ ਦਸ ਵਿਧਾਇਕ, ਜੋ ਪਹਿਲਾਂ ਹਰਿਆਣਾ ਦੀ ਭਾਜਪਾ ਸਰਕਾਰ ਵਿੱਚ ਭਾਈਵਾਲ ਸਨ, ਉਹ ਗੈਰ-ਹਾਜ਼ਰ ਰਹੇ। ਕਿਉਂਕਿ ਫਲੋਰ ਟੈਸਟ ਤੋਂ ਪਹਿਲਾਂ ਜੇਜੇਪੀ ਨੇ ਆਪਣੇ ਵਿਧਾਇਕਾਂ ਲਈ ਤਿੰਨ ਲਾਈਨਾਂ ਵਾਲਾ ਵ੍ਹਿਪ ਜਾਰੀ ਕੀਤਾ ਸੀ। ਜਿਸ ਵਿੱਚ ਵਿਧਾਇਕਾਂ ਨੂੰ ਗੈਰ-ਹਾਜ਼ਰ ਰਹਿਣ ਲਈ ਕਿਹਾ ਗਿਆ।
ਕਾਂਗਰਸੀ ਵਿਧਾਇਕ ਕਿਰਨ ਚੌਧਰੀ ਸਿਹਤ ਖ਼ਰਾਬ ਹੋਣ ਕਾਰਨ ਸਦਨ ‘ਚ ਨਹੀਂ ਆਏ। ਇਨੈਲੋ ਦੇ ਇਕਲੌਤੇ ਵਿਧਾਇਕ ਅਭੈ ਸਿੰਘ ਚੌਟਾਲਾ ਵੀ ਵੋਟਿੰਗ ਸਮੇਂ ਸਦਨ ‘ਚ ਨਹੀਂ ਆਏ। ਇਸ ਤਰ੍ਹਾਂ ਭਾਜਪਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਰਬਸੰਮਤੀ ਨਾਲ ਭਰੋਸੇ ਦਾ ਵੋਟ ਹਾਸਲ ਕੀਤਾ।
ਇਸਤੋਂ ਪਹਿਲਾਂ ਮੁੱਖ ਮੰਤਰੀ ਨਾਇਬ ਸੈਣੀ (CM Nayab Singh Saini) ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ 48 ਵਿਧਾਇਕਾਂ ਦਾ ਸਮਰਥਨ ਹਾਸਲ ਹੈ। ਇਸ ਬੈਠਕ ‘ਚ 41 ਭਾਜਪਾ ਅਤੇ 7 ਆਜ਼ਾਦ ਵਿਧਾਇਕ ਸ਼ਾਮਲ ਹੋਏ। ਜਦੋਂ ਕਿ ਵਿਧਾਨ ਸਭਾ ਵਿੱਚ ਬਹੁਮਤ ਸਾਬਤ ਕਰਨ ਲਈ 46 ਵਿਧਾਇਕਾਂ ਦੇ ਸਮਰਥਨ ਦੀ ਲੋੜ ਸੀ।