ਚੰਡੀਗੜ੍ਹ, 12 ਮਾਰਚ 2024: ਮੁੱਖ ਮੰਤਰੀ ਮਨੋਹਰ ਲਾਲ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹਰਿਆਣਾ ਨੂੰ ਨਵਾਂ ਮੁੱਖ ਮੰਤਰੀ ਮਿਲ ਗਿਆ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਵਿੱਚ ਹੋਈ ਬੈਠਕ ਵਿੱਚ ਉਨ੍ਹਾਂ ਦੀ ਕੈਬਨਿਟ ਨੇ ਵੀ ਅਸਤੀਫਾ ਦੇ ਦਿੱਤਾ ਹੈ। ਅਜਿਹੇ ‘ਚ ਹੁਣ ਮੁੱਖ ਮੰਤਰੀ ਦੇ ਅਹੁਦੇ ਲਈ ਨਾਇਬ ਸਿੰਘ ਸੈਣੀ (Nayab Singh Saini) ਦਾ ਨਾਂ ਚੁਣਿਆ ਗਿਆ ਹੈ।
ਹਰਿਆਣਾ ਵਿੱਚ ਭਾਜਪਾ-ਜੇਜੇਪੀ ਦਾ ਪੰਜ ਸਾਲ ਪੁਰਾਣਾ ਗਠਜੋੜ ਟੁੱਟ ਗਿਆ ਹੈ। ਮੰਗਲਵਾਰ ਨੂੰ ਦਿਨ ਚੜ੍ਹਦੇ ਹੀ ਸੂਬੇ ‘ਚ ਸਿਆਸੀ ਸਰਗਰਮੀਆਂ ਸ਼ੁਰੂ ਹੋ ਗਈਆਂ ਜੋ ਦੁਪਹਿਰ ਤੱਕ ਸਿਆਸੀ ਭੂਚਾਲ ‘ਚ ਬਦਲ ਗਈਆਂ। ਭਾਜਪਾ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮਨੋਹਰ ਲਾਲ ਨੇ ਪੂਰੇ ਮੰਤਰੀ ਮੰਡਲ ਸਮੇਤ ਅਸਤੀਫਾ ਦੇ ਦਿੱਤਾ ਹੈ। ਹਰਿਆਣਾ ਨੂੰ ਨਾਇਬ ਸਿੰਘ ਸੈਣੀ ਦੇ ਰੂਪ ਵਿੱਚ ਆਪਣਾ ਨਵਾਂ ਮੁੱਖ ਮੰਤਰੀ ਮਿਲਿਆ ਹੈ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਉਨ੍ਹਾਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ।
ਨਾਇਬ ਸੈਣੀ (Nayab Singh Saini) ਦਾ ਜਨਮ 25 ਜਨਵਰੀ 1970 ਨੂੰ ਅੰਬਾਲਾ ਦੇ ਪਿੰਡ ਮਿਰਜ਼ਾਪੁਰ ਮਾਜਰਾ ਵਿੱਚ ਸੈਣੀ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਬੀਏ ਅਤੇ ਐਲਐਲਬੀ ਕੀਤੀ ਹੈ। ਸੈਣੀ ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੇ ਹੋਏ ਹਨ ਅਤੇ ਨਾਇਬ ਸੈਣੀ ਓਬੀਸੀ ਭਾਈਚਾਰੇ ਤੋਂ ਆਉਂਦੇ ਹਨ। ਉਸ ਕੋਲ ਸੰਸਥਾ ਵਿਚ ਕੰਮ ਕਰਨ ਦਾ ਲੰਮਾ ਤਜਰਬਾ ਹੈ।
ਨਾਇਬ ਸਿੰਘ ਸੈਣੀ ਅਦਰ ਬੈਕਵਰਡ ਕਲਾਸ (ਓਬੀਸੀ) ਨਾਲ ਸਬੰਧਤ ਹਨ ਅਤੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਸਨ । ਨਾਇਬ ਸਿੰਘ ਵੀ ਮੁੱਖ ਮੰਤਰੀ ਮਨੋਹਰ ਲਾਲ ਦੇ ਕਰੀਬੀ ਮੰਨੇ ਜਾਂਦੇ ਹਨ। ਉਨ੍ਹਾਂ ਸਾਲ 1996 ਵਿੱਚ ਭਾਰਤੀ ਜਨਤਾ ਪਾਰਟੀ ਦੇ ਸਹਿਯੋਗੀ ਵਜੋਂ ਭਾਜਪਾ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਅਤੇ ਸਾਲ 2000 ਤੱਕ ਇਕੱਠੇ ਕੰਮ ਕੀਤਾ। ਇਸ ਤੋਂ ਬਾਅਦ ਸਾਲ 2002 ਵਿੱਚ ਉਹ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ (ਭਾਜਪਾ) ਅੰਬਾਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ। ਉਹ ਸਾਲ 2005 ਵਿੱਚ ਯੁਵਾ ਮੋਰਚਾ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਵੀ ਤਾਇਨਾਤ ਸਨ।
ਨਾਇਬ ਸਿੰਘ ਸੈਣੀ (Nayab Singh Saini) ਨੇ 2009 ਵਿੱਚ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ, ਹਰਿਆਣਾ ਦੇ ਸੂਬਾ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ। ਸਾਲ 2012 ਵਿੱਚ ਉਹ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਹੇ। ਨਾਇਬ ਸਿੰਘ 2014 ਵਿੱਚ ਨਰਾਇਣ ਗੜ੍ਹ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਬਣੇ ਅਤੇ ਫਿਰ 2015 ਵਿੱਚ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਬਣੇ।
ਸਾਲ 2019 ਵਿੱਚ ਉਹ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਚੋਣ ਜਿੱਤ ਕੇ ਲੋਕ ਸਭਾ ਵਿੱਚ ਪੁੱਜੇ ਸਨ। ਉਹ ਲੇਬਰ ਬਾਰੇ ਸੰਸਦ ਦੀ ਸਥਾਈ ਕਮੇਟੀ ਦੇ ਮੈਂਬਰ ਵੀ ਹਨ। ਨਾਇਬ ਸੈਣੀ ਨੂੰ 2023 ਵਿੱਚ ਪ੍ਰਦੇਸ਼ ਭਾਜਪਾ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਉਹ ਅਕਸਰ ਮਨੋਹਰ ਲਾਲ ਨਾਲ ਪ੍ਰੋਗਰਾਮਾਂ ਵਿੱਚ ਨਜ਼ਰ ਆਉਂਦੇ ਰਹੇ।