Chandigarh Municipal Corporation

ਚੰਡੀਗੜ੍ਹ ਨਗਰ ਨਿਗਮ ‘ਚ ਭਾਰੀ ਹੰਗਾਮੇ ਵਿਚਾਲੇ ਐੱਫ.ਐਂਡ ਸੀ.ਸੀ ਕਮੇਟੀ ਮੈਂਬਰਾਂ ਦੀ ਹੋਈ ਚੋਣ

ਚੰਡੀਗੜ੍ਹ, 11 ਮਾਰਚ 2024: ਚੰਡੀਗੜ੍ਹ ਨਗਰ ਨਿਗਮ (Chandigarh Municipal Corporation) ਵਿੱਚ ਸੋਮਵਾਰ ਨੂੰ ਭਾਰੀ ਹੰਗਾਮੇ ਦੌਰਾਨ ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ (F&CC) ਦੇ 5 ਮੈਂਬਰਾਂ ਦੀ ਚੋਣ ਹੋਈ। ‘ਆਪ’ ਕੌਂਸਲਰ ਜਸਵਿੰਦਰ ਕੌਰ, ‘ਆਪ’ ਕੌਂਸਲਰ ਰਾਮਚੰਦਰ ਯਾਦਵ, ਕਾਂਗਰਸੀ ਕੌਂਸਲਰ ਤਰੁਣਾ ਮਹਿਤਾ, ਭਾਜਪਾ ਕੌਂਸਲਰ ਮਹੇਸ਼ਇੰਦਰ ਅਤੇ ਭਾਜਪਾ ਕੌਂਸਲਰ ਲਖਬੀਰ ਸਿੰਘ ਮੈਂਬਰ ਚੁਣੇ ਗਏ। ਇਸ ਤੋਂ ਪਹਿਲਾਂ ਨਿਗਮ ਹਾਊਸ ਦੀ ਬੈਠਕ ਦੌਰਾਨ ‘ਆਪ’-ਕਾਂਗਰਸ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਹੱਥੋਪਾਈ ਵੀ ਹੋਈ। ਕੌਂਸਲਰਾਂ ਨੂੰ ਵੱਖ ਕਰਨ ਲਈ ਮਾਰਸ਼ਲਾਂ ਨੂੰ ਬੁਲਾਉਣਾ ਪਿਆ।

ਨਿਗਮ (Chandigarh Municipal Corporation ਵਿੱਚ ਇੰਡੀਆ ਗਠਜੋੜ ਦੀਆਂ ਕੁੱਲ 19 ਵੋਟਾਂ ਹਨ, ਜਦੋਂ ਕਿ ਭਾਜਪਾ ਕੋਲ ਸਿਰਫ਼ 17 ਵੋਟਾਂ ਰਹਿ ਗਈਆਂ ਹਨ। ਸ਼ਨੀਵਾਰ ਨੂੰ ਇਹ ਸਮੀਕਰਨ ਉਦੋਂ ਬਦਲ ਗਿਆ ਜਦੋਂ ਦੋ ਕੌਂਸਲਰ ਪੂਨਮ ਅਤੇ ਨੇਹਾ ਭਾਰਤੀ ਜਨਤਾ ਪਾਰਟੀ ਤੋਂ ਆਮ ਆਦਮੀ ਪਾਰਟੀ ਵਿੱਚ ਵਾਪਸ ਪਰਤ ਗਈਆਂ। ਪਹਿਲਾਂ ਭਾਜਪਾ ਕੋਲ ਬਹੁਮਤ ਸੀ। ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ (ਵਿੱਤ ਅਤੇ ਠੇਕਾ ਕਮੇਟੀ) ਦੀਆਂ 5 ਸੀਟਾਂ ਲਈ ਦੋਵਾਂ ਪਾਰਟੀਆਂ ਵੱਲੋਂ 3-3 ਉਮੀਦਵਾਰ ਮੈਦਾਨ ਵਿੱਚ ਸਨ।

ਇਸ ਦੌਰਾਨ ਸੰਸਦ ਮੈਂਬਰ ਕਿਰਨ ਖੇਰ ਵੀ ਕੁਝ ਸਮੇਂ ਲਈ ਪਹੁੰਚੇ ਅਤੇ ਕਿਹਾ ਕਿ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ ਪਰ ਭਾਜਪਾ ਕੌਂਸਲਰਾਂ ਨੇ ਪਹਿਲਾਂ ਹੋਣ ਕਾਰਨ ਚੋਣ ਨਹੀਂ ਹੋਣ ਦਿੱਤੀ। ਮੇਅਰ ਕੁਲਦੀਪ ਕੁਮਾਰ ਨੇ ਕਿਹਾ ਕਿ ਅੱਜ ਭਾਜਪਾ ਨੂੰ ਸਾਰੇ ਕਾਇਦੇ-ਕਾਨੂੰਨ ਯਾਦ ਆ ਗਏ ਹਨ ਪਰ ਜਿਸ ਤਰ੍ਹਾਂ ਪਿਛਲੇ 2 ਸਾਲਾਂ ਤੋਂ ਇਹ ਪ੍ਰਕਿਰਿਆ ਚੱਲ ਰਹੀ ਸੀ, ਉਦੋਂ ਇਸ ਦਾ ਕੁਝ ਨਹੀਂ ਕੀਤਾ।

Scroll to Top