TRIALS

ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਮੋਹਾਲੀ ਜ਼ਿਲ੍ਹੇ ਦੇ ਵਪਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਿਲਾਂ ਸੁਣੀਆਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 9 ਮਾਰਚ 2024: ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਚੇਅਰਮੈਨ ਅਨਿਲ ਠਾਕੁਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਵਪਾਰੀਆਂ, ਉਦਯੋਗਪਤੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ। ਇਸ ਮੌਕੇ ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਨੀਲ ਗਰਗ, ਪੰਜਾਬ ਰਾਜ ਵਪਾਰੀ ਕਮਿਸ਼ਨ ਦੇ ਮੈਂਬਰ ਵਿਨੀਤ ਵਰਮਾ ਅਤੇ ਅਨਿਲ ਭਾਰਦਵਾਜ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਹੁੰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ‘ਯਕ ਮੁਸ਼ਤ ਨਿਪਟਾਰਾ’ (ਵਨ ਟਾਈਮ ਸੈਟਲਮੈਂਟ) ਸਕੀਮ ਤਹਿਤ 01 ਲੱਖ ਤੋਂ ਘੱਟ ਦੇ ਪੁਰਾਣੇ ਟੈਕਸ ਬਕਾਏ ਨੂੰ ਪੂਰਣ ਤੌਰ ’ਤੇ ਮੁਆਫ਼ ਕਰ ਦਿੱਤਾ ਗਿਆ ਹੈ, ਜਦਕਿ 01 ਲੱਖ ਰੁਪਏ ਤੋਂ ਉੱਪਰ ਅਤੇ 01 ਕਰੋੜ ਤੱਕ ਦੇ ਬਕਾਏ ਸਬੰਧੀ ਵੱਖ-ਵੱਖ ਦਰਾਂ ਦੇ ਹਿਸਾਬ ਨਾਲ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਦਾ ਲਾਭ ਲੈਣ ਲਈ ਬਕਾਏਦਾਰ ਵਿਭਾਗ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਹਰੇਕ ਜ਼ਿਲ੍ਹੇ ਵਿੱਚ ਜਾ ਕੇ ਵਪਾਰੀਆਂ ਅਤੇ ਉਦੋਗਪਤੀਆਂ ਦੀਆਂ ਮੁਸ਼ਕਲਾਂ ਸੁਣ ਰਹੇ ਹਨ ਤਾਂ ਜੋ ਸਰਕਾਰ ਦੇ ਪੱਧਰ ’ਤੇ ਇੰਨ੍ਹਾਂ ਦਾ ਨਿਪਟਾਰਾ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਪਾਰੀ ਨੂੰ ਸਟੇਟ ਜੀ ਐਸ ਟੀ ਵਿਭਾਗ ਵੱਲੋਂ ਨੋਟਿਸ ਆਉਂਦਾ ਤਾਂ ਇਸਦਾ ਮਤਲਬ ਇਹ ਨਹੀਂ ਕਿ ਵਪਾਰੀ ਜਾਂ ਦੁਕਾਨਦਾਰ ਦੋਸ਼ੀ ਹੈ, ਬਲਕਿ ਉਸਨੂੰ ਆਪਣਾ ਪੱਖ ਰੱਖਣ ਦਾ ਪੂਰਾ ਮੌਕਾ ਦਿੱਤਾ ਜਾਂਦਾ ਹੈ ਅਤੇ ਜੇਕਰ ਵਪਾਰੀ ਦਾ ਪੱਖ ਸਹੀ ਹੋਵੇਗਾ ਤਾਂ ਅਜਿਹੇ ਨੋਟਿਸ ਨੂੰ ਵਾਪਸ ਲੈ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਵਪਾਰੀਆਂ ਅਤੇ ਉਦਯੋਗਾਂ ਨੂੰ ਬਿਨਾਂ ਕਿਸੇ ਕਾਰਨ ਦੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਨਾਂ ਇਹ ਵੀ ਅਪੀਲ ਕੀਤੀ ਕਿ ਸਮਾਨ ਦੀ ਵਿਕਰੀ ਸਮੇਂ ਪੱਕਾ ਬਿੱਲ ਜ਼ਰੂਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਮੇਰਾ ਬਿੱਲ ਐਪ ’ਤੇ ਬਿੱਲ ਲੋਡ ਕਰਨ ਵਾਲੇ ਨੂੰ ਲੱਕੀ ਡਰਾਅ ’ਚ ਸ਼ਾਮਿਲ ਕਰਨ ਨਾਲ ਸੂਬੇ ’ਚ ਬਿੱਲ ਦੇਣ ਦਾ ਰੁਝਾਨ ਵਧਿਆ ਹੈ।
ਚੇਅਰਮੈਨ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਕਮਿਸ਼ਨ ਅਤੇ ਵਿਭਾਗ ਸੂਬੇ ’ਚ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਹਾਂ-ਪੱਖੀ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਸਟੇਟ ਜੀ ਐਸ ਟੀ ਦੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਵਪਾਰੀਆਂ ਵੱਲੋਂ ਰੱਖੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਅਤੇ ਸੁਣਵਾਈ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਰਾਜ ’ਚ ਪਹਿਲਾਂ ਸਨਅਤਕਾਰਾਂ ਨਾਲ ਅਤੇ ਹੁਣ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਉਨ੍ਹਾਂ ਨੂੰ ਰਾਜ ਵਿੱਚ ਸੁਖਾਵਾਂ ਮਾਹੌਲ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ।
ਪੰਜਾਬ ਮੀਡੀਅਮ ਇੰਡਸਟਰੀ ਬੋਰਡ ਦੇ ਚੇਅਰਮੈਨ ਨੀਲ ਗਰਗ ਨੇ ਕਿਹਾ ਕਿ ਕਿ ਸਰਕਾਰ ਦੀ ਨੀਅਤ ਅਤੇ ਨੀਤੀ ਸਾਫ਼ ਅਤੇ ਸਪੱਸ਼ਟ ਹੈ। ਪੰਜਾਬ ’ਚ ਸਨਅਤ ਅਤੇ ਵਪਾਰ ਨੂੰ ਪ੍ਰਫੁਲਤ ਕਰਨ ਲਈ ਪਹਿਲੀ ਵਾਰ ਉਨ੍ਹਾਂ ਦੀ ਮੁਸ਼ਕਿਲਾਂ ਵਟਸਐਪ ਹੈਲਪਲਾਈਨ ’ਤੇ ਪ੍ਰਾਪਤ ਕਰਕੇ ਉਨ੍ਹਾਂ ਲਈ ਪਾਲਿਸੀਆਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅੰਨਦਾਤਾ ਹੈੈ ਤਾਂ ਵਪਾਰੀ ਟੈਕਸਦਾਤਾ ਹੈ, ਇਸ ਲਈ ਸਰਕਾਰ ਦੋਵਾਂ ਸ੍ਰੇਣੀਆਂ ਨੂੰ ਹਰ ਸਹੂਲਤ ਦੇਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਪਾਰੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਯੋਗ ਹੱਲ ਲਈ ਸਰਕਾਰ ਅਤੇ ਇਸ ਦੇ ਸਾਰੇ ਵਿੰਗ ਉਪਰਾਲੇ ਕਰ ਰਹੇ ਹਨ ਅਤੇ ਜੇਕਰ ਕਿਸੇ ਵੀ ਵਪਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਮੈਂਬਰ ਵਿਨੀਤ ਵਰਮਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ’ਚ ਪਹਿਲੀ ਵਾਰ ਕੋਈ ਸਰਕਾਰ ਖੁਦ ਲੋਕਾਂ ਦੇ ਦਵਾਰ ’ਤੇ ਚੱਲ ਕੇ ਮੁਸ਼ਕਿਲਾਂ ਪੁੱਛਣ ਅਤੇ ਉਨ੍ਹਾਂ ਦਾ ਹੱਲ ਕਰਨ ਲਈ ਸਬੰਧਤ ਧਿਰਾਂ ਦੇ ਸੁਝਾਅ ਮੰਗਣ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਸਰਕਾਰ, ਕਮਿਸ਼ਨ ਅਤੇ ਬੋਰਡ ਉਨ੍ਹਾਂ ਦੇ ਹਰ ਇੱਕ ਸੁਝਾਅ ਨੂੰ ਗੰਭੀਰਤਾ ਨਾਲ ਲਵੇਗਾ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਪ੍ਰਭਜੋਤ ਕੌਰ, ਜ਼ਿਲ੍ਹੇ ਦੇ ਉਪ ਕਮਿਸ਼ਨਰ ਸਟੇਟ ਟੈਕਸ ਮੁਨੀਸ਼ ਨਈਅਰ, ਰਮਨਦੀਪ ਕੌਰ ਈ ਟੀ ਓ, ਨੀਤੂ ਬਾਵਾ ਈ ਟੀ ਓ, ਦੀਪਿੰਦਰ ਕੌਰ ਈ ਟੀ ਓ ਮੌਜੂਦ ਸਨ। ਇਸ ਮੌਕੇ ਮੋਹਾਲੀ ਇੰਡਸਟਰੀ ਐਸੋਸੀਏਸ਼ਨ, ਇੰਡਸਟਰੀ ਐਸੋਸੀਏਸ਼ਨ-82, ਜਵੈਲਰ ਐਸੋਸੀਏਸ਼ਨ, ਮੋਹਾਲੀ ਟ੍ਰੇਡਰਜ਼ ਐਸੋਸੀਏਸ਼ਨ, ਚਨਾਲੋਂ ਇੰਡਸਟਰੀ ਐਸੋਸੀਏਸ਼ਨ ਅਤੇ ਮੋਹਾਲੀ ਕਰਿਆਨਾ ਐਸੋਸੀਏਸ਼ਨ ਸਮੇਤ ਵੱਖ-ਵੱਖ ਵਪਾਰ ਮੰਡਲਾਂ ਅਤੇ ਸਨਅਤੀ ਐਸੋਸੀਏਸ਼ਨਾਂ ਅਹੁਦੇਦਾਰ ਹਾਜ਼ਰ ਸਨ, ਜਿਨ੍ਹਾਂ ਨੇ ਵੱਖ-ਵੱਖ ਸੁਝਾਅ ਅਤੇ ਮੁਸ਼ਕਿਲਾਂ ਰੱਖੀਆਂ।
Scroll to Top