July 2, 2024 9:30 pm
Dr. Balbir Singh

ਪੰਜਾਬ ਦੇ ਹਸਪਤਾਲਾਂ ‘ਚ ਡਾਕਟਰਾਂ ਦੀ ਕਮੀ ਨੂੰ ਦੂਰ ਕਰਨ ਲਈ ਹੋਣਗੀਆਂ ਨਵੀਆਂ ਭਰਤੀਆਂ: ਡਾ: ਬਲਬੀਰ ਸਿੰਘ

ਚੰਡੀਗੜ੍ਹ, 06 ਮਾਰਚ 2024: ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਚੌਥਾ ਦਿਨ ਹੈ। ਇਸ ਦੌਰਾਨ ਮੰਗਲਵਾਰ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ 2 ਲੱਖ ਰੁਪਏ ਤੋਂ ਵੱਧ ਦੇ ਬਜਟ ‘ਤੇ ਬਹਿਸ ਹੋਵੇਗੀ। ਸਦਨ ਵਿੱਚ ਪ੍ਰਸ਼ਨ ਕਾਲ ਦੌਰਾਨ ਕੈਬਿਨਟ ਮੰਤਰੀ ਡਾ: ਬਲਬੀਰ ਸਿੰਘ (Dr. Balbir Singh) ਨੇ ਕਿਹਾ ਕਿ ਛੇਤੀ ਹੀ ਪੂਰੇ ਪੰਜਾਬ ਵਿੱਚ ਡਾਕਟਰਾਂ ਦੀ ਕਮੀ ਨੂੰ ਦੂਰ ਕਰ ਲਿਆ ਜਾਵੇਗਾ। ਸਿਹਤ ਵਿਭਾਗ ਨੂੰ ਛੇਤੀ ਹੀ 1390 ਨਵੇਂ ਡਾਕਟਰ ਮਿਲਣਗੇ ਅਤੇ ਸਟਾਫ ਭਰਤੀ ਕੀਤਾ ਜਾਵੇਗਾ। ਭਰਤੀ ਪ੍ਰਕਿਰਿਆ ਅੰਤਿਮ ਪੜਾਅ ‘ਤੇ ਪਹੁੰਚ ਗਈ ਹੈ।

ਵਿਧਾਇਕ ਦਿਨੇਸ਼ ਕੁਮਾਰ ਚੱਢਾ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਪੁੱਛਿਆ ਗਿਆ ਕਿ ਪਿਛਲੇ 10 ਸਾਲਾਂ ਵਿੱਚ ਪੂਰੇ ਪੰਜਾਬ ਅਤੇ ਰੋਪੜ ਹਲਕੇ ਦੇ ਪਿੰਡਾਂ ਵਿੱਚ ਵੱਖ-ਵੱਖ ਸਕੀਮਾਂ ਤਹਿਤ ਕਿੰਨੀਆਂ ਸੋਲਰ ਲਾਈਟਾਂ ਲਗਾਈਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ ਕਿੰਨੀਆਂ ਸੋਲਰ ਲਾਈਟਾਂ ਇਸ ਵੇਲੇ ਚੱਲ ਰਹੀਆਂ ਹਨ ਅਤੇ ਉਹ ਕਿੰਨੀਆਂ ਖ਼ਰਾਬ ਹਨ ? ਭਵਿੱਖ ਵਿੱਚ ਸੋਲਰ ਲਾਈਟਾਂ ਨੂੰ ਲੰਬੇ ਸਮੇਂ ਤੱਕ ਚੱਲਣ ਦੀ ਕੀ ਯੋਜਨਾ ਹੈ?

ਇਸ ਸਬੰਧੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਿਛਲੇ 10 ਸਾਲਾਂ ਦੌਰਾਨ 82349 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ ਰੋਪੜ ਵਿਚ ਪਿਛਲੇ 10 ਸਾਲਾਂ ਦੌਰਾਨ 3333 ਸੋਲਰ ਲਾਈਟਾਂ ਲਗਾਈਆਂ ਗਈਆਂ ਹਨ, ਜਿਨ੍ਹਾਂ ਵਿਚੋਂ 1165 ਲਾਈਟਾਂ ਕੰਮ ਕਰ ਰਹੀਆਂ ਹਨ ਅਤੇ 2168 ਸੋਲਰ ਲਾਈਟਾਂ ਬੰਦ ਪਈਆਂ ਹਨ | ਉਨ੍ਹਾਂ ਕਿਹਾ ਕਿ ਨੁਕਸਦਾਰ ਲਾਈਟਾਂ ਦੀ ਮੁਰੰਮਤ ਅਤੇ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਪਿੰਡਾਂ ਦੀਆਂ ਪੰਚਾਇਤਾਂ ਦੀ ਹੈ ਅਤੇ ਪੰਚਾਇਤਾਂ ਕੋਲ ਮੌਜੂਦ ਫੰਡਾਂ ਵਿੱਚੋਂ ਇਨ੍ਹਾਂ ਲਾਈਟਾਂ ਦੀ ਮੁਰੰਮਤ ਕਰਵਾਈ ਜਾਵੇ।