ਫਾਜ਼ਿਲਕਾ 01 ਮਾਰਚ 2024: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀਆਂ ਵੋਟਾਂ ਬਣਾਉਣ ਦੀ ਮਿਤੀ ਵਿਚ ਵਾਧਾ ਕੀਤਾ ਗਿਆ ਹੈ, ਹੁਣ ਕਮਿਸ਼ਨਰ ਗੁਰਦੁਆਰਾ ਚੋਣਾਂ ਵੱਲੋਂ ਜਾਰੀ ਕੀਤੀ ਨਵੀਂ ਸਮਾਂ ਸਾਰਣੀ ਤਹਿਤ ਵੋਟਰ ਰਜਿਸਟਰੇਸ਼ਨ ਦਾ ਕੰਮ 30 ਅਪ੍ਰੈਲ 2024 ਤੱਕ ਕੀਤਾ ਗਿਆ ਹੈ। ਉਨ੍ਹਾਂ ਨੇ ਚੋਣਾਂ ਨਾਲ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਰ ਰਜਿਸਟਰੇਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ 1 ਮਈ 2024 ਤੋਂ 20 ਮਈ 2024 ਤੱਕ ਵੋਟਰ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਹੋਵੇਗੀ। ਇਸ ਤੋਂ ਬਾਅਦ 21 ਮਈ 2024 ਨੂੰ ਵੋਟਰ ਸੂਚੀਆਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਅਤੇ ਇਸੇ ਹੀ ਦਿਨ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਦਰਾਜ਼ ਲੈਣ ਸਬੰਧੀ ਚੋਣ ਹਲਕੇ ਅਨੁਸਾਰ ਨਿਯੁਕਤ ਅਧਿਕਾਰੀਆਂ ਦੀ ਸੂਚੀ ਜਾਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਦਾਅਵੇ ਅਤੇ ਇਦਰਾਜ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਜੂਨ 2024 ਹੋਵੇਗੀ।
ਉਨ੍ਹਾਂ ਦੱਸਿਆ ਕਿ 21 ਜੂਨ 2024 ਤੱਕ ਦਾਅਵਿਆਂ ਅਤੇ ਇਦਰਾਜ਼ਾਂ ਦਾ ਸਿੱਖ ਗੁਰਦੁਆਰਾ ਬੋਰਡ ਚੋਣਾਂ, 1959 ਦੇ ਰੂਲ ਨੰਬਰ 10(3) ਅਨੁਸਾਰ ਨਿਪਟਾਰਾ ਕੀਤਾ ਜਾਵੇਗਾ। ਇਸ ਤੋਂ ਬਾਅਦ 2 ਜੁਲਾਈ 2024 ਨੂੰ ਸਪਲੀਮੈਂਟਰੀ ਸੂਚੀਆਂ ਦੀ ਤਿਆਰੀ ਅਤੇ ਪ੍ਰਿਟਿੰਗ ਕੀਤੀ ਜਾਵੇਗੀ ਅਤੇ 3 ਜੁਲਾਈ 2024 ਨੂੰ ਸੂਚੀ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਐਸ.ਜੀ.ਪੀ.ਸੀ. ਚੋਣਾਂ ਲਈ ਵੋਟਰ ਰਜਿਸਟਰੇਸ਼ਨ ਲਈ ਵਿਅਕਤੀ ਦਾ ਕੇਸਧਾਰੀ ਸਿੱਖ ਹੋਣਾ ਜ਼ਰੂਰੀ ਹੈ।
ਉਨ੍ਹਾਂ ਵੱਲੋਂ ਸਬੰਧਿਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਲੋਕਾਂ ਨੂੰ ਫਾਰਮ ਜਮ੍ਹਾਂ ਕਰਵਾਉਣ ਵਿੱਚ ਕੋਈ ਦਿੱਕਤ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਉੱਪ ਮੰਡਲ ਮੈਜਿਸਟਰੇਟ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਨਿਯਮਤ ਤੌਰ ਤੇ ਇਸ ਪ੍ਰਕਿਰਿਆ ਦੀ ਨਜ਼ਰਸਾਨੀ ਕਰਨ ਤਾਂ ਜੋ ਵੋਟਰ ਰਜਿਸਟਰੇਸ਼ਨ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਦਿਹਾਤੀ ਖੇਤਰ ਦੇ ਵੋਟਰ ਆਪਣੇ ਆਪ ਨੂੰ ਵੋਟਰ ਵਜੋਂ ਰਜਿਸਟਰਡ ਕਰਨ ਲਈ ਫਾਰਮ ਪਟਵਾਰੀਆਂ ਪਾਸ ਜਮ੍ਹਾਂ ਕਰਵਾ ਸਕਦੇ ਹਨ ਅਤੇ ਸ਼ਹਿਰੀ ਖੇਤਰ ਵਿੱਚ ਨਗਰ ਕੌਂਸਲ ਜਾਂ ਸਥਾਨਕ ਅਥਾਰਟੀ ਦੇ ਕਰਮਚਾਰੀ ਜਿਨ੍ਹਾਂ ਨੂੰ ਸਬੰਧਿਤ ਖੇਤਰ ਦੀ ਸੋਧ ਅਥਾਰਟੀ ਵੱਲੋਂ ਨਾਮਜ਼ਦ ਕੀਤਾ ਗਿਆ ਹੈ ਪਾਸ ਫਾਰਮ ਜਮ੍ਹਾ ਕਰਵਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (Shiromani Gurdwara Parbandhak Committee) ਦੀਆਂ ਚੋਣਾਂ ਲਈ ਫਾਰਮ ਨੰ. 1 ਪ੍ਰਾਪਤ ਕਰਦੇ ਸਮੇਂ ਇਸ ਗੱਲ ਵੱਲ ਖਾਸ ਧਿਆਨ ਦਿੱਤਾ ਜਾਵੇ ਕਿ ਵੋਟਰ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ ਅਤੇ ਉਹ ਕੇਸਾਧਾਰੀ ਸਿੱਖ ਹੋਵੇ। ਉਨ੍ਹਾਂ ਕਿਹਾ ਕਿ ਫਾਰਮ ਨੰ. 1 ਜ਼ਿਲ੍ਹਾ ਪ੍ਰਸ਼ਾਸਨ ਦੀ ਵੈੱਬਸਾਈਟ fazilka.nic.in ਤੋਂ ਵੀ ਪ੍ਰਾਪਤ ਕੀਤਾ ਜਾ ਸਕਦਾ ਹੈ।