ਚੰਡੀਗੜ੍ਹ, 28 ਫਰਵਰੀ 2024: ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਮੰਗਲਵਾਰ ਦੇਰ ਰਾਤ ਯਾਤਰੀਆਂ ਨਾਲ ਭਰੀ ਬੱਸ ਡੂੰਘੀ ਖੱਡ ‘ਚ ਡਿੱਗ ਗਈ। ਇਸ ਘਟਨਾ ‘ਚ ਘੱਟੋ-ਘੱਟ 10 ਜਣਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ, ਇਸ ਦੇ ਨਾਲ ਹੀ 15 ਤੋਂ ਵੱਧ ਜਣਿਆਂ ਜ਼ਖਮੀ ਹੋਏ ਹਨ। ਪੁਲਿਸ ਨੇ ਦੱਸਿਆ ਕਿ ਬੱਸ ਬਹੁਤ ਤੇਜ਼ੀ ਨਾਲ ਜਾ ਰਹੀ ਸੀ। ਇਸ ਦੌਰਾਨ ਇਕ ਮੋੜ ‘ਤੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਖੱਡ ‘ਚ ਜਾ ਡਿੱਗੀ।
ਦੱਸਿਆ ਗਿਆ ਹੈ ਕਿ ਇਹ ਬੱਸ ਹਰੀਪੁਰ ਜ਼ਿਲ੍ਹੇ ਦੇ ਪਹਾੜੀ ਪਿੰਡ ਖਾਨਪੁਰ ਵੱਲ ਜਾ ਰਹੀ ਸੀ। ਰਸਤੇ ਵਿੱਚ ਤਰਨਾਵਾ ਵਿੱਚ ਉਸ ਦਾ ਹਾਦਸਾ ਹੋ ਗਿਆ। ਮਰਨ ਵਾਲਿਆਂ ਵਿੱਚ ਪੁਰਸ਼, ਬੀਬੀਆਂ ਅਤੇ ਬੱਚੇ ਵੀ ਸ਼ਾਮਲ ਹਨ। ਬੱਸ ਦੇ ਖੱਡ ‘ਚ ਡਿੱਗਣ ਦੀ ਸੂਚਨਾ ਮਿਲਦੇ ਹੀ ਰਾਹਤ ਟੀਮਾਂ ਨੂੰ ਮੌਕੇ ‘ਤੇ ਭੇਜਿਆ ਗਿਆ। ਜ਼ਖਮੀਆਂ ਨੂੰ ਸਥਾਨਕ ਲੋਕਾਂ ਦੀ ਮੱਦਦ ਨਾਲ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।