ਚੰਡੀਗੜ੍ਹ, 28 ਫਰਵਰੀ 2024: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਮਿਲਨਾਡੂ ਦੇ ਥੂਥੂਕੁਡੀ ਵਿੱਚ 17,300 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨ੍ਹਾਂ ਵਿੱਚ ਦੇਸ਼ ਦਾ ਪਹਿਲਾ ਹਾਈਡ੍ਰੋਜਨ ਹੱਬ ਬੰਦਰਗਾਹ ਅਤੇ ਅੰਦਰੂਨੀ ਜਲ ਮਾਰਗ ਜਹਾਜ਼ ਸ਼ਾਮਲ ਹਨ। ਇਸ ਜਹਾਜ਼ ਨੂੰ ਗ੍ਰੀਨ ਬੋਟ ਇਨੀਸ਼ੀਏਟਿਵ ਦੇ ਤਹਿਤ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ VO ਚਿਦੰਬਰਨਾਰ ਬੰਦਰਗਾਹ ‘ਤੇ ਆਊਟਰ ਹਾਰਬਰ ਕੰਟੇਨਰ ਟਰਮੀਨਲ ਦਾ ਨੀਂਹ ਪੱਥਰ ਰੱਖਿਆ।
ਪ੍ਰਧਾਨ ਮੰਤਰੀ ਨੇ 10 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 75 ਲਾਈਟ ਹਾਊਸਾਂ ਵਿੱਚ ਰਾਸ਼ਟਰ ਸੈਲਾਨੀ ਸਹੂਲਤਾਂ ਨੂੰ ਵੀ ਸਮਰਪਿਤ ਕੀਤਾ। ਇਸ ਤੋਂ ਇਲਾਵਾ ਕੰਨਿਆਕੁਮਾਰੀ, ਨਾਗਰਕੋਇਲ ਅਤੇ ਤਿਰੂਨੇਲਵੇਲੀ ਤੋਂ ਚੇਨਈ ਤੱਕ 1477 ਕਰੋੜ ਰੁਪਏ ਦੀ ਲਾਗਤ ਵਾਲੇ ਰੇਲ ਪ੍ਰੋਜੈਕਟ ਅਤੇ 4586 ਕਰੋੜ ਰੁਪਏ ਦੇ ਚਾਰ ਸੜਕੀ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ ਗਿਆ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਕੁਲਸ਼ੇਖਰਪੱਟੀਨਮ ਵਿਖੇ ਇਸਰੋ (ISRO) ਦੇ ਨਵੇਂ ਲਾਂਚ ਕੰਪਲੈਕਸ ਦੀ ਨੀਂਹ ਰੱਖੀ। ਇਹ ਕੰਪਲੈਕਸ 986 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇੱਥੋਂ ਹਰ ਸਾਲ 24 ਲਾਂਚ ਕੀਤੇ ਜਾਣਗੇ। ਕੰਪਲੈਕਸ ਵਿੱਚ 35 ਸੁਵਿਧਾਵਾਂ ਅਤੇ ਇੱਕ ਮੋਬਾਈਲ ਲਾਂਚ ਢਾਂਚਾ ਸ਼ਾਮਲ ਹੋਵੇਗਾ।
ਇਸ ਮੌਕੇ ‘ਤੇ ਪੀਐਮ ਨੇ ਕਿਹਾ ਕਿ ਤਾਮਿਲਨਾਡੂ ਅਤੇ ਦੇਸ਼ ਦੇ ਲੋਕਾਂ ਨੂੰ ਇਕ ਸੱਚ ਦੱਸਣਾ ਜ਼ਰੂਰੀ ਹੈ। ਸੱਚ ਕੌੜਾ ਹੈ, ਪਰ ਮੈਂ ਸਿੱਧੇ ਤੌਰ ‘ਤੇ ਯੂਪੀਏ ਸਰਕਾਰ ਨੂੰ ਦੋਸ਼ੀ ਠਹਿਰਾਉਣਾ ਚਾਹੁੰਦਾ ਹਾਂ। ਅੱਜ ਮੈਂ ਜੋ ਪ੍ਰੋਜੈਕਟ ਲੈ ਕੇ ਆਇਆ ਹਾਂ, ਉਹ ਦਹਾਕਿਆਂ ਤੋਂ ਇੱਥੋਂ ਦੇ ਲੋਕਾਂ ਦੀ ਮੰਗ ਸੀ। ਜਿਹੜੇ ਲੋਕ ਅੱਜ ਇੱਥੇ ਸੱਤਾ ਵਿੱਚ ਹਨ, ਉਹ ਉਦੋਂ ਦਿੱਲੀ ਵਿੱਚ ਬੈਠ ਕੇ ਸਰਕਾਰ ਅਤੇ ਇਸ ਵਿਭਾਗ ਨੂੰ ਚਲਾ ਰਹੇ ਸਨ ਪਰ ਉਨ੍ਹਾਂ ਨੂੰ ਤੁਹਾਡੇ ਵਿਕਾਸ ਦੀ ਕੋਈ ਚਿੰਤਾ ਨਹੀਂ ਸੀ।
ਪੀਐਮ ਮੋਦੀ ਵੱਲੋਂ ਦੂਜੇ ਸਪੇਸਪੋਰਟ ਲਾਂਚ ਕੰਪਲੈਕਸ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ, ਇਸਰੋ (ISRO) ਦੇ ਮੁਖੀ ਐਸ ਸੋਮਨਾਥ ਨੇ ਕਿਹਾ, ‘ਭੂਮੀ ਗ੍ਰਹਿਣ ਪੂਰਾ ਹੋ ਗਿਆ ਹੈ। ਤਾਮਿਲਨਾਡੂ ਸਰਕਾਰ ਨੇ ਜ਼ਮੀਨ ਸਾਨੂੰ ਟਰਾਂਸਫਰ ਕਰ ਦਿੱਤੀ ਹੈ। ਉਸਾਰੀ ਸ਼ੁਰੂ ਹੋਣ ਵਾਲੀ ਹੈ। ਉਸਾਰੀ ਨੂੰ ਪੂਰਾ ਹੋਣ ਵਿੱਚ ਲਗਭਗ ਦੋ ਸਾਲ ਲੱਗਣਗੇ। ਅਸੀਂ ਦੋ ਸਾਲਾਂ ਬਾਅਦ SSLV ਲਾਂਚ ਕਰਨ ਦੀ ਯੋਜਨਾ ਬਣਾ ਰਹੇ ਹਾਂ। ਸਾਡੀ ਯੋਜਨਾ ਹਰ ਸਾਲ 20 ਤੋਂ 30 ਲਾਂਚ ਕਰਨ ਦੀ ਹੋਵੇਗੀ।