ਚੰਡੀਗੜ੍ਹ, 24 ਫਰਵਰੀ 2024: ਲਗਭਗ 50 ਸਾਲਾਂ ਬਾਅਦ ਪਹਿਲੀ ਵਾਰ ਕੋਈ ਅਮਰੀਕੀ ਪੁਲਾੜ ਵਾਹਨ (spacecraft) ਚੰਦਰਮਾ ਦੀ ਜ਼ਮੀਨ ‘ਤੇ ਉਤਰਿਆ ਹੈ। ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨ ਵਾਲਾ ਪਹਿਲਾ ਅਮਰੀਕੀ ਮਿਸ਼ਨ ਅਪੋਲੋ 17 ਸੀ, ਜੋ ਕਿ 1972 ਵਿਚ ਉਤਰਿਆ ਸੀ। ਚੰਦਰਮਾ ‘ਤੇ ਉਤਰਨ ਵਾਲੇ ਲੈਂਡਰ ਦਾ ਨਾਮ ਹੈ – ਓਡੀਸੀਅਸ ਲੈਂਡਰ। ਇਸ ਨੂੰ ਹਿਊਸਟਨ ਦੀ ਇਨਟਿਊਟਿਵ ਮਸ਼ੀਨਾਂ ਦੁਆਰਾ ਬਣਾਇਆ ਗਿਆ ਹੈ। ਨਾਸਾ ਮੁਤਾਬਕ ਜਿਕਰਯੋਗ ਹੈ ਕਿ ਲੈਂਡਰ ਓਡੀਸੀਅਸ 15 ਫਰਵਰੀ 2024 ਨੂੰ ਲਾਂਚ ਕੀਤਾ ਗਿਆ ਸੀ, ਇਸ ਦੀ ਲੈਂਡਿੰਗ ਭਾਰਤੀ ਸਮੇਂ ਅਨੁਸਾਰ ਸ਼ਾਮ 4:53 ਵਜੇ ਹੋਈ। ਚੰਦਰਮਾ ‘ਤੇ ਉਤਰਨ ਵਾਲਾ ਇਹ ਕਿਸੇ ਨਿੱਜੀ ਕੰਪਨੀ ਦਾ ਪਹਿਲਾ ਵਪਾਰਕ ਪੁਲਾੜ ਯਾਨ ਬਣ ਗਿਆ ਹੈ।
ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਅਮਰੀਕੀ ਨਿੱਜੀ ਪੁਲਾੜ ਯਾਨ ਚੰਦਰਮਾ ਦੀ ਸਤ੍ਹਾ ‘ਤੇ ਤਿਲਕ ਕੇ ਡਿੱਗ ਗਿਆ ਹੈ। ਇਹ ਜਾਣਕਾਰੀ ਪੁਲਾੜ ਯਾਨ ਦਾ ਨਿਰਮਾਣ ਕਰਨ ਵਾਲੀ ਹਿਊਸਟਨ ਸਥਿਤ ਨਿੱਜੀ ਕੰਪਨੀ ਇਨਟਿਊਟਿਵ ਮਸ਼ੀਨਾਂ ਨੇ ਸ਼ੁੱਕਰਵਾਰ ਦੇਰ ਰਾਤ ਦਿੱਤੀ।
ਹਾਲਾਂਕਿ, ਜਦੋਂ ਓਡੀਸੀਅਸ ਲੈਂਡਰ ਚੰਦਰਮਾ ਦੀ ਸਤ੍ਹਾ ‘ਤੇ ਉਤਰਿਆ, ਕੁਝ ਖਰਾਬੀ ਦੇ ਕਾਰਨ, ਟੀਮ ਦਾ ਪੁਲਾੜ ਵਾਹਨ ਨਾਲ ਸੰਪਰਕ ਟੁੱਟ ਗਿਆ। ਪਰ ਵਿਗਿਆਨੀਆਂ ਨੇ ਕਿਹਾ ਕਿ ਇਹ ਸੁਰੱਖਿਅਤ ਢੰਗ ਨਾਲ ਉਤਰਿਆ ਹੈ ਅਤੇ ਕੰਮ ਕਰ ਰਿਹਾ ਹੈ। ਹੁਣ, ਭਾਵੇਂ ਮਿਸ਼ਨ ਇੱਥੋਂ ਕਿਵੇਂ ਅੱਗੇ ਵਧਦਾ ਹੈ, ਲੈਂਡਿੰਗ ਨੂੰ ਵਪਾਰਕ ਪੁਲਾੜ ਵਾਹਨ (spacecraft) ਅਤੇ ਅਮਰੀਕੀ ਪੁਲਾੜ ਉਦਯੋਗ ਲਈ ਮੀਲ ਪੱਥਰ ਮੰਨਿਆ ਜਾ ਰਿਹਾ ਹੈ।
ਇਹ ਪੁਲਾੜ ਵਾਹਨ (ਸਪੈਸਕਰਾਫਟ) ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਿਆ ਹੈ। ਅਮਰੀਕਾ ਦਾ ਇਹ ਮਿਸ਼ਨ 7 ਦਿਨਾਂ ਤੱਕ ਸਰਗਰਮ ਰਹੇਗਾ। ਕਿਉਂਕਿ ਠੰਡ ਕਾਰਨ ਪੁਲਾੜ ਵਾਹਨ ਖ਼ਰਾਬ ਹੋ ਸਕਦਾ ਹੈ। ਇਸ ਦੇ ਨਾਲ ਹੀ ਭਾਰਤ ਤੋਂ ਬਾਅਦ ਅਮਰੀਕਾ ਦੱਖਣੀ ਧਰੁਵ ‘ਤੇ ਉਤਰਨ ਵਾਲਾ ਦੂਜਾ ਦੇਸ਼ ਬਣ ਗਿਆ ਹੈ। 23 ਅਗਸਤ 2023 ਨੂੰ ਚੰਦਰਯਾਨ-3 ਦੀ ਸਫਲ ਲੈਂਡਿੰਗ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ‘ਤੇ ਉਤਰਨ ਵਾਲਾ ਪਹਿਲਾ ਦੇਸ਼ ਬਣ ਗਿਆ। ਓਡੀਸੀਅਸ ਦੀ ਲੈਂਡਿੰਗ 14 ਫਰਵਰੀ ਨੂੰ ਹੋਣੀ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਸ ਨੂੰ ਮੁਲਤਵੀ ਕਰਨਾ ਪਿਆ।
ਅਮਰੀਕਾ ਚੰਦਰਮਾ ‘ਤੇ ਸਾਫਟ ਲੈਂਡਿੰਗ ਕਰਨ ਵਾਲੇ ਪੰਜ ਦੇਸ਼ਾਂ ‘ਚੋਂ ਇਕ ਹੈ। ਹਾਲਾਂਕਿ, ਇਹ ਇਕਲੌਤਾ ਦੇਸ਼ ਹੈ ਜਿਸ ਦੇ ਪੁਲਾੜ ਯਾਤਰੀ ਸਫਲਤਾਪੂਰਵਕ ਚੰਦਰਮਾ ਦੀ ਸਤ੍ਹਾ ‘ਤੇ ਉਤਰੇ ਹਨ। ਅਮਰੀਕਾ ਦਾ ਟੀਚਾ ਅਗਲੇ ਸਾਲ ਫਿਰ ਤੋਂ ਚੰਦਰਮਾ ਦੇ ਦੁਆਲੇ ਪੁਲਾੜ ਯਾਤਰੀਆਂ ਨੂੰ ਭੇਜਣ ਦਾ ਹੈ। ਇਸ ਤੋਂ ਇਲਾਵਾ 2026 ‘ਚ ਚੰਦਰਮਾ ਦੀ ਸਤ੍ਹਾ ‘ਤੇ ਲੈਂਡਿੰਗ ਹੋਣ ਵਾਲੀ ਹੈ, ਜੋ ਕਿ 50 ਸਾਲਾਂ ਤੋਂ ਵੱਧ ਸਮੇਂ ‘ਚ ਚੰਦਰਮਾ ‘ਤੇ ਪਹਿਲੀ ਮਨੁੱਖੀ ਲੈਂਡਿੰਗ ਹੋਵੇਗੀ। ਪਰ ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਤਾਰੀਖ਼ ਵਧਾਈ ਜਾ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਸਰਕਾਰੀ ਜਵਾਬਦੇਹੀ ਦਫਤਰ ਨੇ ਕਿਹਾ ਸੀ ਕਿ ਪੁਲਾੜ ਵਾਹਨ ਨੂੰ ਬਣਾਉਣ ਵਿਚ ਲੱਗੀ ਸਖ਼ਤ ਮਿਹਨਤ ਅਤੇ ਜਟਿਲਤਾਵਾਂ ਕਾਰਨ 2027 ਵਿਚ ਲੈਂਡਿੰਗ ਹੋਣ ਦੀ ਸੰਭਾਵਨਾ ਹੈ।