ਚੰਡੀਗੜ੍ਹ, 21 ਫਰਵਰੀ 2024: ਕਿਸਾਨ ਅੰਦੋਲਨ (Kisan Andolan) ਅੱਜ 9ਵਾਂ ਦਿਨ ਹੈ, ਕਿਸਾਨਾਂ ਵਲੋਂ ਅੱਜ ਦਿੱਲੀ ਕੂਚ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ | ਇਸ ਤੋਂ ਪਹਿਲਾਂ ਪੰਜਾਬ ਦੇ ਡੀ.ਜੀ.ਪੀ. ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ ਤੋਂ ਬਾਅਦ ਉਨ੍ਹਾਂ ਵੱਲੋਂ ਜੇ.ਸੀ.ਬੀ., ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਪੰਜਾਬ-ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰ ਵੱਲ ਜਾਣ ਤੋਂ ਰੋਕਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੀ ਮਸ਼ੀਨਰੀ ਨੂੰ ਬਾਰਡਰ ਤੋਂ 1 ਕਿਲੋਮੀਟਰ ਪਿੱਛੇ ਰੱਖਿਆ ਜਾਵੇ ਤਾਂ ਜੋ ਅਮਨ-ਕਾਨੂੰਨ ਬਣਾਈ ਰੱਖਣ ਵਿੱਚ ਕੋਈ ਪਰੇਸ਼ਾਨੀ ਨਾ ਆਵੇ।
ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਸਾਰੇ ਏ.ਡੀ.ਜੀ.ਪੀ., ਆਈ.ਜੀ.ਪੀ., ਡੀ.ਆਈ.ਜੀ., ਸਮੂਹ ਪੁਲਿਸ ਕਮਿਸ਼ਨਰਾਂ ਤੇ ਐੱਸ.ਐੱਸ.ਪੀਜ਼ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਹਦਾਇਤਾਂ ਵਿਚ ਕਿਹਾ ਗਿਆ ਹੈ ਕਿ ਜੇ.ਸੀ.ਬੀ., ਪੋਕਲੇਨ, ਟਿੱਪਰ ਤੇ ਹੋਰ ਅਜਿਹੇ ਸਾਧਨਾਂ ਨੂੰ ਪੰਜਾਬ-ਹਰਿਆਣਾ ਬਾਰਡਰ ‘ਤੇ ਪੈਂਦੇ ਖਨੌਰੀ ਅਤੇ ਸ਼ੰਭੂ ਤਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ, ਜਿੱਥੇ ਕਿਸਾਨਾਂ ਵੱਲੋਂ ਅੰਦੋਲਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਚਨਾ ਮਿਲ ਰਹੀ ਹੈ ਕਿ ਅੰਦੋਲਨਕਾਰੀਆਂ ਵੱਲੋਂ ਬੈਰੀਕੇਡ ਤੋੜ ਕੇ ਹਰਿਆਣਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਨਾਲ ਦੋਵਾਂ ਸੂਬਿਆਂ ਵਿਚ ਕਾਨੂੰਨ ਵਿਵਸਥਾ ਪ੍ਰਭਾਵਿਤ ਹੋਵੇਗੀ।