ਫਾਜ਼ਿਲਕਾ, 17 ਫਰਵਰੀ 2024: ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਸਿਹਤ ਪੱਖੋਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਸਫਲ ਸਾਬਿਤ ਹੋਈ ਹੈ। ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਿਹਤ ਸੇਵਾਵਾਂ ਦੇਣ ਵਿਚ ਆਪਣੀ ਅਹਿਮ ਭੂਮਿਕਾ ਨਿਭਾ ਰਹੇ ਹਨ।ਸਰਕਾਰੀ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਵਿਖੇ ਲੋਕਾਂ ਨੂੰ ਬਿਨਾ ਕਿਸੇ ਰੁਕਾਵਟ ਤੇ ਪ੍ਰੇਸ਼ਾਣੀ ਦੇ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕੀਤਾ।
ਕਾਰਜਕਾਰੀ ਸਿਵਲ ਸਰਜਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ—ਨਿਰਦੇਸ਼ਾਂ ‘ਤੇ ਜ਼ਿਲ੍ਹਾ ਹਸਪਤਾਲ, ਸਿਵਲ ਹਸਪਤਾਲ, ਆਮ ਆਦਮੀ ਕਲੀਨਿਕ ਅਤੇ ਸਿਹਤ ਕੇਂਦਰਾਂ ਵਿਖੇ ਲੋੜ ਅਨੁਸਾਰ ਦਵਾਈਆਂ ਅਤੇ ਹੋਰ ਸਿਹਤ ਸਾਜੋ—ਸਮਾਨ ਦੀ ਉਪਲਬਧਤਾ ਹੈ।ਇਸੇ ਤਹਿਤ ਜ਼ਿਲ੍ਹਾ ਹਸਪਤਾਲ ਫਾਜ਼ਿਲਕਾ ਵਿਖੇ ਡਾ. ਰੋਹਿਤ ਗੋਇਲ ਤੇ ਡਾ. ਅਰਪਿਤ ਗੁਪਤਾ ਵੱਲੋਂ ਬੀਤੇ ਦਿਨੀ ਤਿੰਨ ਪੀਤੇ ਦੀ ਪੱਥਰੀ (gallstone operations) ਦੇ ਸਫਲ ਆਪ੍ਰੇਸ਼ਨ ਕੀਤੇ ਗਏ।ਇਸ ਤੋਂ ਇਲਾਵਾ ਵੀ ਸਿਹਤ ਸਟਾਫ ਵੱਲੋਂ ਰੋਜਾਨਾ ਆਪਣੀ ਜਿੰਮੇਵਾਰੀ ਨੂੰ ਸਮਝਦਿਆਂ ਲਗਾਤਾਰ ਬਿਹਤਰੀਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।
ਪਿੱਤੇ ਦੀ ਪੱਥਰੀ (gallstone operations) ਦੇ ਸਫਲ ਆਪ੍ਰੇਸ਼ਨਾਂ ਤੋਂ ਬਾਅਦ ਸੁਨੀਲ (ਪਿੰਡ ਰਾਮ ਸਿੰਘ ਵਾਲੀ ਭੈਣੀ), ਕੁਲਵਿੰਦਰ (ਪਿੰਡ ਥੇਹਕਲੰਦਰ) ਅਤੇ ਪਿੱਪਲ (ਪਿੰਡ ਬਾਹਮਣੀ ਵਾਲਾ) ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਵਿਖੇ ਮਿਲੀਆਂ ਸਿਹਤ ਸੁਵਿਧਾਵਾਂ ਤੋਂ ਉਹ ਬਹੁਤ ਖੁਸ਼ ਹਨ। ਉਨ੍ਹਾਂ ਦਾ ਆਖਣਾ ਹੈ ਕਿ ਡਾਕਟਰ ਸਾਹਿਬਾਨ ਤੇ ਸਿਹਤ ਸਟਾਫ ਵੱਲੋਂ ਪੂਰੀ ਤਨਦੇਹੀ ਨਾਲ ਸਾਡੇ ਮਰੀਜ ਦੀ ਸੰਭਾਲ ਕਰਕੇ ਇਲਾਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਹਸਪਤਾਲ ਵਿਖੇ ਆਉਣ ਤੋਂ ਬਾਅਦ ਉਨ੍ਹਾਂ ਦਾ ਕੋਈ ਖਰਚਾ ਨਹੀਂ ਹੋਇਆ, ਦਵਾਈਆਂ ਤੋਂ ਲੈ ਕੇ ਆਪ੍ਰੇਸ਼ਨ ਤੱਕ ਮੁਫਤ ਹੋਇਆ ਜਿਸ ‘ਤੇ ਉਨ੍ਹਾਂ ਦੀ ਜੇਬ ‘ਤੇ ਵੀ ਅਸਰ ਨਹੀ ਪਿਆ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਰੇ ਸਿਹਤ ਸਟਾਫ ਵੱਲੋਂ ਵਧੀਆ ਵਤੀਰਾ ਵਰਤਦੇ ਹੋਏ ਉਨ੍ਹਾਂ ਦੇ ਮਰੀਜਾਂ ਦਾ ਬਿਹਤਰ ਤਰੀਕੇ ਨਾਲ ਇਲਾਜ ਕੀਤਾ ਗਿਆ। ਉਹ ਸਮਝਦੇ ਹਨ ਕਿ ਉਨ੍ਹਾਂ ਨੇ ਸਰਕਾਰੀ ਹਸਪਤਾਲ ਵਿਖੇ ਆਕੇ ਕੋਈ ਗਲਤੀ ਨਹੀਂ ਕੀਤੀ ਉਨ੍ਹਾਂ ਨੂੰ ਹਰ ਲੋੜੀਂਦੀਆਂ ਸਿਹਤ ਸਹੂਲਤਾਂ ਦੀ ਪ੍ਰਾਪਤੀ ਹੋਈ ਹੈ ਉਹ ਸਰਕਾਰ, ਜਿਲ੍ਹਾ ਪ੍ਰਸ਼ਾਸਨ ਤੇ ਸਿਵਲ ਹਸਪਤਾਲ ਦੇ ਸਮੂਹ ਸਟਾਫ ਦਾ ਧੰਨਵਾਦ ਪ੍ਰਗਟ ਕਰਦੇ ਹਨ।
ਇਸ ਮੌਕੇ ਡਾ. ਰੋਹਿਤ ਗੋਇਲ ਤੇ ਡਾ. ਅਰਪਿਤ ਗੁਪਤਾ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਿਵਲ ਹਸਪਤਾਲ ਵਿਖੇ ਆਉਣ ਵਾਲੇ ਮਰੀਜਾ ਨੂੰ ਸਾਰੀਆਂ ਦਵਾਈਆਂ ਸਿਵਲ ਹਸਪਤਾਲ ਵਿਖੇ ਹੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤੇ ਮਰੀਜਾਂ ਨੂੰ ਬਿਨ੍ਹਾਂ ਕਿਸੇ ਖੱਜਲ —ਖੁਆਰੀ ਦੇ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ ਤੇ ਸਟਾਫ ਨੂੰ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਆਪਣਾ ਇਲਾਜ ਕਰਵਾਉਣ ਆਏ ਮਰੀਜਾਂ ਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰਾਂ ਨਾਲ ਚੰਗਾ ਵਿਵਹਾਰ ਕੀਤਾ ਜਾਵੇ।