ਚੰਡੀਗੜ੍ਹ, 15 ਫਰਵਰੀ 2024: ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪੁਸ਼ਟੀ ਕੀਤੀ ਕਿ ਰਾਹੁਲ ਦ੍ਰਾਵਿੜ ਇਸ ਸਾਲ ਜੂਨ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 (T20 World Cup) ਤੱਕ ਭਾਰਤ ਦੇ ਮੁੱਖ ਕੋਚ ਵਜੋਂ ਬਣੇ ਰਹਿਣਗੇ। ਦ੍ਰਾਵਿੜ ਦਾ ਇਕਰਾਰਨਾਮਾ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਫਾਈਨਲ ਤੋਂ ਬਾਅਦ ਸਮਾਪਤ ਹੋ ਗਿਆ ਸੀ, ਪਰ ਬਿਨਾਂ ਕਿਸੇ ਨਿਸ਼ਚਿਤ ਕਾਰਜਕਾਲ ਦੇ ਉਸ ਨੂੰ ਦਸੰਬਰ-ਜਨਵਰੀ ਦੇ ਦੱਖਣੀ ਅਫਰੀਕਾ ਦੌਰੇ ਲਈ ਹੋਰ ਸਹਾਇਕ ਸਟਾਫ ਦੇ ਨਾਲ ਆਪਣੀ ਭੂਮਿਕਾ ਜਾਰੀ ਰੱਖਣ ਲਈ ਕਿਹਾ ਗਿਆ ਸੀ।
ਹਾਲਾਂਕਿ ਹੁਣ ਜੈ ਸ਼ਾਹ ਨੇ ਕਿਹਾ ਕਿ ਵੈਸਟਇੰਡੀਜ਼ ਅਤੇ ਅਮਰੀਕਾ ‘ਚ ਹੋਣ ਵਾਲੇ ਆਈਸੀਸੀ ਟੂਰਨਾਮੈਂਟਾਂ ਤੱਕ ਸਾਬਕਾ ਕਪਤਾਨ ਦੀਆਂ ਸੇਵਾਵਾਂ ਬਰਕਰਾਰ ਰੱਖਣ ਦੇ ਫੈਸਲੇ ‘ਤੇ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਨੇ ਦ੍ਰਾਵਿੜ ਨਾਲ ਸ਼ੁਰੂਆਤੀ ਗੱਲਬਾਤ ਕੀਤੀ ਸੀ। ਸ਼ਾਹ ਨੇ ਸੌਰਾਸ਼ਟਰ ਕ੍ਰਿਕਟ ਸੰਘ ਦੇ ਨਾਮਕਰਨ ਸਮਾਗਮ ਦੇ ਮੌਕੇ ‘ਤੇ ਕਿਹਾ, ‘(2023) ਵਿਸ਼ਵ ਕੱਪ ਤੋਂ ਬਾਅਦ ਰਾਹੁਲ ਨੂੰ ਤੁਰੰਤ ਦੱਖਣੀ ਅਫਰੀਕਾ ਦੌਰੇ ‘ਤੇ ਜਾਣਾ ਪਿਆ। ਅਸੀਂ ਵਿਚਕਾਰ ਨਹੀਂ ਮਿਲ ਸਕੇ ਜੋ ਆਖਰਕਾਰ ਹੁਣ ਹੋ ਗਿਆ।
ਸ਼ਾਹ ਨੇ ਕਿਹਾ, ‘ਤੁਸੀਂ ਰਾਹੁਲ ਦ੍ਰਾਵਿੜ ਵਰਗੇ ਸੀਨੀਅਰ ਵਿਅਕਤੀ ਦੇ ਕਰਾਰ ਨੂੰ ਲੈ ਕੇ ਚਿੰਤਤ ਕਿਉਂ ਹੋ? ਰਾਹੁਲ ਟੀ-20 ਵਿਸ਼ਵ ਕੱਪ (T20 World Cup) ‘ਚ ਕੋਚ ਬਣੇ ਰਹਿਣਗੇ। ਹਾਲਾਂਕਿ, ਸ਼ਾਹ ਨੇ ਸੰਕੇਤ ਦਿੱਤਾ ਕਿ ਉਹ ਮਹੱਤਵਪੂਰਨ ਸਮਾਗਮ ਤੋਂ ਪਹਿਲਾਂ ਗੱਲਬਾਤ ਦੇ ਕੁਝ ਹੋਰ ਦੌਰ ਕਰਨਗੇ। ਉਨ੍ਹਾਂ ਨੇ ਕਿਹਾ, ‘ਜਦੋਂ ਵੀ ਸਮਾਂ ਮਿਲੇਗਾ, ਮੈਂ ਉਨ੍ਹਾਂ ਨਾਲ ਗੱਲ ਕਰਾਂਗਾ, ਫਿਲਹਾਲ ਬੈਕ-ਟੂ-ਬੈਕ ਸੀਰੀਜ਼ ਹੋ ਰਹੀਆਂ ਹਨ। ਉਹ ਪਹਿਲਾਂ ਦੱਖਣੀ ਅਫਰੀਕਾ, ਫਿਰ ਅਫਗਾਨਿਸਤਾਨ (ਘਰੇਲੂ) ਅਤੇ ਹੁਣ ਇੰਗਲੈਂਡ ਖਿਲਾਫ ਸੀਰੀਜ਼ ਚੱਲ ਰਹੀ ਹੈ। ਅਜਿਹੇ ‘ਚ ਸਾਨੂੰ ਜ਼ਿਆਦਾ ਗੱਲ ਕਰਨ ਦਾ ਸਮਾਂ ਨਹੀਂ ਮਿਲਦਾ
ਇਸੇ ਪ੍ਰੋਗਰਾਮ ‘ਚ ਜੈ ਸ਼ਾਹ ਨੇ ਐਲਾਨ ਕੀਤਾ ਸੀ ਕਿ ਭਾਰਤ ਇਸ ਸਾਲ ਜੂਨ ਮਹੀਨੇ ‘ਚ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ ‘ਚ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਖੇਡੇਗਾ। ਸ਼ਾਹ ਨੇ ਇਹ ਭਾਸ਼ਣ ਸੁਨੀਲ ਗਾਵਸਕਰ, ਅਨਿਲ ਕੁੰਬਲੇ, ਆਈਪੀਐਲ ਚੇਅਰਮੈਨ ਅਰੁਣ ਸਿੰਘ ਧੂਮਲ ਦੀ ਮੌਜੂਦਗੀ ਵਿੱਚ ਦਿੱਤਾ। ਇਸ ਸਮਾਗਮ ਦੌਰਾਨ ਮੁੱਖ ਚੋਣਕਾਰ ਅਜੀਤ ਅਗਰਕਰ, ਕੋਚ ਰਾਹੁਲ ਦ੍ਰਾਵਿੜ, ਖੁਦ ਰੋਹਿਤ ਸ਼ਰਮਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਮੁਹੰਮਦ ਸਿਰਾਜ ਵੀ ਮੌਜੂਦ ਸਨ।