ਚੰਡੀਗੜ੍ਹ, 13 ਫ਼ਰਵਰੀ 2024: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਅੱਜ ਪੰਜਾਬ ਸਿਵਲ ਸਕੱਤਰੇਤ-1 ਸਥਿਤ ਆਪਣੇ ਦਫ਼ਤਰ ਵਿਖੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੀ ਨਵੀਂ ਵੈੱਬਸਾਈਟ ਜਾਰੀ ਕੀਤੀ, ਜੋ ਸੂਬੇ ਵਿੱਚ ਸੂਚਨਾ ਦੇ ਅਦਾਨ-ਪ੍ਰਦਾਨ ਨਾਲ ਸਬੰਧਤ ਗਤੀਵਿਧੀਆਂ ਵਿੱਚ ਜਨਤਕ ਸ਼ਮੂਲੀਅਤ ਯਕੀਨੀ ਬਣਾਉਣ ਸਣੇ ਸੂਚਨਾ ਪਸਾਰ ਨੂੰ ਵਧੇਰੇ ਸੁਚਾਰੂ ਬਣਾਏਗੀ ਅਤੇ ਪਾਰਦਰਸ਼ਤਾ ਵਿੱਚ ਹੋਰ ਵਾਧਾ ਕਰੇਗੀ।
ਵਿਭਾਗ ਦੇ ਅਧਿਕਾਰੀਆਂ ਅਤੇ ਸਮੁੱਚੀ ਤਕਨੀਕੀ ਟੀਮ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਆਸ ਪ੍ਰਗਟਾਈ ਕਿ ਮੋਬਾਈਲ-ਅਨੁਕੂਲ ਇਹ ਨਵੀਂ ਵੈੱਬਸਾਈਟ https://ipr.punjab.gov.in/en/ ਪੱਤਰਕਾਰਾਂ ਅਤੇ ਆਮ ਲੋਕਾਂ ਨੂੰ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਲੋਕ-ਪੱਖੀ ਨੀਤੀਆਂ ਬਾਰੇ ਨਵੀਨਤਮ ਜਾਣਕਾਰੀ ਪ੍ਰਦਾਨ ਕਰੇਗੀ ਅਤੇ ਉਨ੍ਹਾਂ ਤੱਕ ਸਹੀ ਜਾਣਕਾਰੀ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਤਿੰਨੋਂ ਭਾਸ਼ਾਵਾਂ ਵਿੱਚ ਪਹੁੰਚਾਉਣਾ ਯਕੀਨੀ ਬਣਾਏਗੀ।
ਵੈਬਸਾਈਟ ਦੀਆਂ ਹੋਰ ਮੁੱਖ ਵਿਸ਼ੇਸ਼ਤਾਵਾਂ ਉਜਾਗਰ ਕਰਦਿਆਂ ਸ. ਜੌੜਾਮਾਜਰਾ (Chetan Singh Jauramajra) ਨੇ ਕਿਹਾ ਕਿ ਇਸ ਵੈਬਸਾਈਟ ਨੂੰ ਸੌਖ ਅਤੇ ਵਰਤੋਂ ਵਿੱਚ ਆਸਾਨੀ ਨੂੰ ਧਿਆਨ ਵਿੱਚ ਰੱਖਦਿਆਂ ਡਿਜ਼ਾਇਨ ਕੀਤਾ ਗਿਆ ਹੈ ਤਾਂ ਜੋ ਲੋਕ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਣ। ਉਨ੍ਹਾਂ ਕਿਹਾ ਕਿ ਵੈਬਸਾਈਟ ਜ਼ਰੀਏ ਲੋਕ ਸਰਕਾਰ ਦੀਆਂ ਪਹਿਲਕਦਮੀਆਂ, ਪ੍ਰੈਸ ਰਿਲੀਜ਼, ਪ੍ਰਕਾਸ਼ਨਾਵਾਂ ਅਤੇ ਵੱਖ-ਵੱਖ ਖੇਤਰਾਂ ਬਾਰੇ ਤਾਜ਼ਾ ਅਤੇ ਵਿਆਪਕ ਜਾਣਕਾਰੀ ਪ੍ਰਾਪਤ ਕਰ ਸਕਣਗੇ।
ਲੋਕ ਸੰਪਰਕ ਮੰਤਰੀ ਨੇ ਕਿਹਾ ਕਿ ਇਹ ਵੈੱਬਸਾਈਟ ਮੋਬਾਈਲ ਉਪਕਰਣਾਂ ਲਈ ਅਨੁਕੂਲ ਹੈ, ਜਿਸ ਨਾਲ ਲੋਕ ਕਿਸੇ ਵੀ ਥਾਂ ‘ਤੇ ਤੁਰੰਤ ਜਾਣਕਾਰੀ ਤੱਕ ਪਹੁੰਚ ਕਰ ਸਕਣਗੇ। ਇਹ ਵੈੱਬਸਾਈਟ ਨੈਸ਼ਨਲ ਇਨਫ਼ਾਰਮੈਟਿਕਸ ਸੈਂਟਰ ਪੰਜਾਬ (ਐਨ.ਆਈ.ਸੀ ਪੰਜਾਬ) ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀ.ਜੀ.ਆਰ.) ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ, ਜੋ ਵਰਤੋਂਕਾਰ-ਪੱਖੀ ਮੁਹਾਂਦਰੇ ਅਤੇ ਨੈਵੀਗੇਸ਼ਨ ‘ਤੇ ਆਧਾਰਿਤ ਹੈ ਅਤੇ ਇਹ ਲੋਕਾਂ ਨੂੰ ਸਰਕਾਰੀ ਨੀਤੀਆਂ, ਐਲਾਨਾਂ ਅਤੇ ਪ੍ਰੋਗਰਾਮਾਂ ਸਬੰਧੀ ਜਾਣਕਾਰੀ ਤੱਕ ਆਸਾਨ ਪਹੁੰਚ ਪ੍ਰਦਾਨ ਕਰੇਗੀ।
ਹੋਰ ਜਾਣਕਾਰੀ ਸਾਂਝੀ ਕਰਦਿਆਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀ ਭੁਪਿੰਦਰ ਸਿੰਘ ਨੇ ਕਿਹਾ ਕਿ ਵੈਬਸਾਈਟ ਵਿੱਚ ਫ਼ੀਡਬੈਕ ਫ਼ਾਰਮ, ਸਰਵੇਖਣ ਅਤੇ ਸਬੰਧਿਤ ਸਰੋਤਾਂ ਦੇ ਲਿੰਕ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ, ਜੋ ਸਰਕਾਰ ਅਤੇ ਜਨਤਾ ਦਰਮਿਆਨ ਬਿਹਤਰ ਸੰਚਾਰ ਦੀ ਸਹੂਲਤ ਪ੍ਰਦਾਨ ਕਰਨਾ ਯਕੀਨੀ ਬਣਾਉਣਗੀਆਂ।
ਵਧੀਕ ਡਾਇਰੈਕਟਰ (ਪ੍ਰਸ਼ਾਸਨ) ਸੰਦੀਪ ਸਿੰਘ ਗਾੜ੍ਹਾ ਨੇ ਕਿਹਾ ਕਿ ਐਨ.ਆਈ.ਸੀ. ਪੰਜਾਬ ਅਤੇ ਡੀ.ਜੀ.ਆਰ. ਵੈਬਸਾਈਟ ਲਈ ਤਕਨੀਕੀ ਸਹਾਇਤਾ ਯਕੀਨੀ ਬਣਾਉਣ ਦੇ ਨਾਲ-ਨਾਲ ਨਵੀਨਤਮ ਤਕਨੀਕੀ ਮਾਪਦੰਡ ਅਤੇ ਸੁਰੱਖਿਆ ਪ੍ਰੋਟੋਕੋਲ ਪ੍ਰਦਾਨ ਕਰਨਗੇ ਤਾਂ ਜੋ ਕਾਰਜਕੁਸ਼ਲਤਾ ਅਤੇ ਸੁਰੱਖਿਆ ਦੇ ਉੱਚ ਮਿਆਰਾਂ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਨ.ਆਈ.ਸੀ. ਪੰਜਾਬ ਤੋਂ ਵਧੀਕ ਐਸ.ਆਈ.ਓ. ਵਿਕਰਮ ਜੀਤ ਗਰੋਵਰ, ਸੀਨੀਅਰ ਡਾਇਰੈਕਟਰ ਅਨੂਪ ਕੁਮਾਰ ਜਲਾਲੀ, ਜੁਆਇੰਟ ਡਾਇਰੈਕਟਰ (ਆਈ.ਟੀ.) ਲੋਕੇਸ਼ ਦਿਵੇਦੀ ਸ਼ਾਮਲ ਸਨ।