ਪਟਿਆਲਾ 9 ਫਰਵਰੀ 2024: ਮਹਿਕਮਾ ਫਾਇਰ ਬ੍ਰਿਗੇਡ (fire brigade) ਪੰਜਾਬ ਵਿੱਚ ਆਊਟਸੋਰਸ ਅਤੇ ਕੰਟਰੈਕਟ ਤੇ ਸੇਵਾਵਾਂ ਨਿਭਾ ਰਹੇ ਕੱਚੇ ਕਾਮਿਆਂ ਨੇ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਦੇ ਵੱਖ-ਵੱਖ ਸਟੇਸ਼ਨਾਂ ਦੇ ਕੱਚੇ ਕਾਮਿਆਂ ਵੱਲੋਂ ਅੱਜ 12 ਫਰਵਰੀ ਨੂੰ ਮੋਹਾਲੀ ਦੇ ਵੇਰਕਾ ਚੌਂਕ ਵਿਖੇ ਦਿੱਤੇ ਜਾਣ ਵਾਲੇ ਅਣਮਿਥੇ ਧਰਨੇ ਸਬੰਧੀ ਚੇਤਾਵਨੀ ਪੱਤਰ ਉੱਚ ਅਧਿਕਾਰੀਆਂ ਨੂੰ ਦਿੱਤਾ।
ਨਗਰ ਨਿਗਮ ਪਟਿਆਲਾ ਦੇ ਸੰਯੁਕਤ ਕਮਿਸ਼ਨਰ ਬੱਬਨਦੀਪ ਸਿੰਘ ਵਾਲੀਆ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਪੰਜਾਬ ਯੂਨੀਅਨ ਦੇ ਆਗੂ ਜਗਜੀਤ ਸਿੰਘ ਨੇ ਕਿਹਾ ਕਿ ਪੰਜਾਬ ਭਰ ‘ਚ ਲਗਭਗ 50 ਤੋਂ ਵੱਧ ਫਾਇਰ ਸਟੇਸ਼ਨ ਚਾਲੂ ਹਾਲਤ ਵਿੱਚ ਹਨ। ਇਹਨਾਂ ਫਾਇਰ ਸਟੇਸ਼ਨਾਂ ਵਿੱਚ 1300 ਦੇ ਕਰੀਬ ਕਰਮਚਾਰੀ ਆਊਟਸੌਰਸ ਅਤੇ ਕੰਟਰੈਕਟ ਪਰ ਕਾਫੀ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਹਨ।
ਮੌਜੂਦਾ ਸਰਕਾਰ ਨੂੰ ਅਸੀਂ ਬਹੁਤ ਵਾਰੀ ਆਪਣੀਆਂ ਮੰਗਾਂ ਬਾਰੇ ਜਾਣੂ ਕਰਵਾ ਚੁੱਕੇ ਹਾਂ। ਇਹਨਾਂ ਮੰਗਾਂ ਬਾਰੇ ਫਾਇਰ ਬ੍ਰਿਗੇਡ ਦੇ ਸਮੂਹ ਕੱਚੇ ਕਰਮਚਾਰੀਆਂ ਵਲੋਂ ਲੰਘੇ ਸਾਲ 23 ਅਕਤੂਬਰ ਨੂੰ ਦੇਸੂ ਮਾਜਰਾ, ਖਰੜ, ਜਿਲ੍ਹਾ ਮੋਹਾਲੀ ਵਿਖੇ ਸ਼ਾਂਤੀਪੂਰਵਕ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਸੀ। ਇਸ ਧਰਨੇ ਦੀ ਚਲਦੀ ਕਾਰਵਾਈ ਵਿੱਚ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਵਲੋਂ ਕੱਚੇ ਕਰਮਚਾਰੀਆਂ ਦੇ ਕਮੇਟੀ ਮੈਂਬਰਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਗਿਆ ਅਤੇ ਬਹੁਤ ਵਧੀਆ ਮਾਹੌਲ ਵਿੱਚ ਬੈਠਕ ਹੋਈ।
ਜਿਸ ਵਿੱਚ ਕੱਚੇ ਕਰਮਚਾਰੀਆਂ ਦੀ ਪਹਿਲੀ ਮੰਗ ਸੀ ਕਿ ਪੱਕੀ ਭਰਤੀ ਹੋਣ ਤੋਂ ਪਹਿਲਾਂ ਆਊਟਸੋਰਸ ਅਤੇ ਕੰਟਰੈਕਟ ਮੁਲਾਜਮ ਜੋ ਕਿ ਕਈ ਕਈ ਸਾਲ ਤੋਂ ਫਾਇਰ ਬ੍ਰਿਗੇਡ ਪੰਜਾਬ ਵਿੱਚ ਬਤੋਰ ਫਾਇਰਮੈਨ ਅਤੇ ਫਾਇਰ ਡਰਾਈਵਰ ਕਰ ਰਹੇ ਹਨ, ਨੂੰ ਸਰਕਾਰ ਪੱਕਾ ਕਰੇ ਅਤੇ ਤਨਖਾਹ ਵਿੱਚ ਵਾਧਾ ਕਰੇ ਤਾਂ ਜੋ ਕੱਚੇ ਕਰਮਚਾਰੀ ਆਪਣੇ ਘਰ ਦਾ ਗੁਜਾਰਾ ਸਹੀ ਢੰਗ ਨਾਲ ਕਰ ਸਕਣ।
ਉਕਤ ਮੰਗਾਂ ਸਬੰਧੀ ਡਾਇਰੈਕਟਰ ਸਥਾਨਕ ਸਰਕਾਰ ਪੰਜਾਬ ਚੰਡੀਗੜ੍ਹ ਵਲੋਂ ਪੰਜਾਬ ਫਾਇਰ ਬ੍ਰਿਗੇਡ (fire brigade) ਦੇ ਕੱਚੇ ਕਰਮਚਾਰੀਆਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡੀਆਂ ਇਹ ਮੰਗਾਂ ਇੱਕ ਮਹੀਨੇ ਵਿੱਚ ਪੂਰੀਆਂ ਕਰ ਦਿੱਤੀਆਂ ਜਾਣ ਗਈਆਂ ਅਤੇ ਉਹਨਾਂ ਵਲੋਂ ਕਿਹਾ ਗਿਆ ਸੀ ਕਿ ਅਸੀਂ ਆਪਣੇ ਵਲੋਂ ਪੰਜਾਬ ਸਰਕਾਰ ਨੂੰ ਐਮਰਜੈਂਸੀ ਸੇਵਾਵਾਂ ਦਾ ਹਵਾਲਾ ਦਿੰਦੇ ਹੋਏ ਫਾਇਰ ਵਿਭਾਗ ਦੇ ਆਊਟਸੌਰਸ ਮੁਲਾਜਮਾਂ ਨੂੰ ਸਰਕਾਰੀ ਕੰਟਰੈਕਟ ਤੇ ਕਰਨ ਸਬੰਧੀ ਫਾਇਲ ਤਿਆਰ ਕਰਕੇ ਸਰਕਾਰ ਨੂੰ ਭੇਜਾਂਗੇ।
ਪ੍ਰੰਤੂ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਸਾਡੀ ਕਿਸੇ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਅਤੇ ਨਾ ਹੀ ਪਹਿਲਾਂ ਤੋਂ ਕੰਮ ਕਰ ਰਹੇ (ਆਊਟਸੌਰਸ/ਕੰਟਰੈਕਟ) ਕੱਚੇ ਕਰਮਚਾਰੀਆਂ ਨੂੰ ਪੱਕੀ ਭਰਤੀ ਵਿੱਚ ਪਹਿਲ ਦਿੱਤੀ ਗਈ ਸਗੋਂ ਮਗਰਲੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਡੰਗ ਟਪਾਊ ਨੀਤੀ ਅਪਣਾਈ ਗਈ, ਜਿਸ ਕਾਰਨ ਸਮੂਹ ਕਰਮਚਾਰੀਆਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਭਾਰੀ ਰੋਹ ਹੈ।ਹੁਣ ਅਸੀਂ ਨਿਰਾਸ਼ ਹੋ ਕੇ 12 ਫਰਵਰੀ ਨੂੰ ਵੇਰਕਾ ਚੌਂਕ ਮੋਹਾਲੀ ਵਿਖੇ ਆਪਣੀਆਂ ਸੇਵਾਵਾਂ ਛੱਡ ਕੇ ਸ਼ਾਂਤੀਪੂਰਵਕ ਢੰਗ ਨਾਲ ਧਰਨੇ ਤੇ ਬੈਠ ਰਹੇ ਹਾਂ।
ਪੂਰੇ ਪੰਜਾਬ ਵਿੱਚ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਫਾਇਰਮੈਨ ਲਲਿਤ ਕੁਮਾਰ, ਨਮਨ ਕੌਸ਼ਲ, ਗੌਰਵ ਵਰਮਾ, ਟੇਕ ਚੰਦ, ਕਾਕਨ ਸਿੰਘ, ਰਾਮ ਕੁਮਾਰ ਤੁਲੇਵਾਲ, ਅਮਨਦੀਪ ਸਿੰਘ, ਅੰਕਿਤ ਭਾਰਦਵਾਜ ਤੇ ਅਮਨਦੀਪ ਕੁਮਾਰ ਡਰਾਈਵਰ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।