ਭਵਾਨੀਗੜ੍ਹ , 05 ਫਰਵਰੀ 2024: ਪੰਜਾਬ ਸਰਕਾਰ ਦੇ ਵੱਲੋਂ ਹਾਦਸਿਆਂ ਦੇ ਵਿੱਚ ਜ਼ਖਮੀ ਹੋਏ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਬਣਾਈ ਗਈ ਸੜਕ ਸੁਰੱਖਿਆ ਫੋਰਸ (Road Safety Force) ਨੇ ਭਵਾਨੀਗੜ੍ਹ ਦੀਆਂ ਬਾਲਦ ਕੈਂਚੀਆਂ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਬਚਾਈ ਹੈ | ਰਾਤ 10 ਵਜੇ ਦੇ ਕਰੀਬ ਸਮਾਣਾ ਰੋਡ ਤੇ ਓਵਰ ਬਰਿਜ ਦੇ ਹੇਠਾਂ ਇੱਕ ਬੁਲਟ ਮੋਟਰਸਾਈਕਲ ਸਵਾਰ ਨੌਜਵਾਨ ਜੋ ਕਿ ਸਮਾਣੇ ਦਾ ਵਸਨੀਕ ਹੈ, ਡਿੱਗਿਆ ਪਿਆ ਸੀ |
ਉਕਤ ਵਿਅਕਤੀ ਦੇ ਸਿਰ ਅਤੇ ਬਾਂਹ ਦੇ ਉੱਪਰ ਗੰਭੀਰ ਜ਼ਖਮ ਸਨ, ਉਸ ਨੇ ਕੋਲੋਂ ਲੰਘਦੇ ਲੋਕਾਂ ਨੂੰ ਇਸ ਬਾਬਤ ਦੱਸਿਆ ਤਾਂ ਸਾਹਮਣੇ ਹੀ ਸੜਕ ਸੁਰੱਖਿਆ ਫੋਰਸ ਦੀ ਪਿਕਟ ਦੇ ਵਿੱਚ ਖੜੀ ਗੱਡੀ ਦੇ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੱਤੀ ਗਈ ਤਾਂ ਉਹਨਾਂ ਨੇ ਫੌਰਨ ਆ ਕੇ ਇਸ ਨੌਜਵਾਨ ਦੀ ਉੱਥੇ ਹੀ ਮੱਲਮ ਪੱਟੀ ਕੀਤੀ ਤੇ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਸਿਰਫ ਪੰਜ ਮਿੰਟ ਦੇ ਵਿੱਚ ਭਵਾਨੀਗੜ੍ਹ ਦੇ ਸੀਐਚਸੀ ਦੇ ਵਿੱਚ ਲੈ ਗਏ | ਜਿੱਥੇ ਕਿ ਡਾਕਟਰ ਮੁਖਤਿਆਰ ਸਿੰਘ ਅਤੇ ਉਹਨਾਂ ਦੀ ਟੀਮ ਨੇ ਇਸ ਨੌਜਵਾਨ ਦਾ ਇਲਾਜ ਕੀਤਾ |
ਇਸ ਮੌਕੇ ਸੜਕ ਸੁਰੱਖਿਆ ਫੋਰਸ ਯੂਨਿਟ (Road Safety Force) ਦੇ ਕਰਨੈਲ ਸਿੰਘ ਦੇ ਦੱਸਿਆ ਕਿ ਉਹ ਇਸ ਬੀਟ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ ਦੇ ਅਨੁਸਾਰ ਹੀ ਕੰਮ ਕਰ ਰਹੇ ਹਨ, ਕਿਉਂਕਿ ਸਾਡਾ ਪਹਿਲਾ ਫਰਜ਼ ਇਹੀ ਹੈ ਕਿ ਅਸੀਂ ਕਿਸੇ ਵੀ ਵਿਅਕਤੀ ਦੀ ਜਾਨ ਬਚਾਈਏ | ਜਿਹੜਾ ਕਿਸੇ ਹਾਦਸੇ ਦੇ ਵਿੱਚ ਉੱਥੇ ਜ਼ਖਮੀ ਹਾਲਤ ਦੇ ਪਿਆ ਹੋਵੇ, ਜਿੱਥੇ ਸਾਡੀ ਬੀਟ ਹੈ ਯਾਨੀ ਕਿ ਜਿੰਨਾ ਏਰੀਆ ਸਾਨੂੰ ਦਿੱਤਾ ਗਿਆ ਹੈ ਅਸੀਂ ਉਸ ਏਰੀਏ ਦੇ ਵਿੱਚ ਤਾਇਨਾਤ ਰਹਿੰਦੇ ਹਾਂ |
ਉਨ੍ਹਾਂ ਦੱਸਿਆ ਕਿ ਅੱਜ ਅਸੀਂ ਇਸ ਨੌਜਵਾਨ ਨੂੰ ਜ਼ਖਮੀ ਹਾਲਤ ਦੇ ਵਿੱਚ ਚੱਕ ਕੇ ਭਵਾਨੀਗੜ੍ਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਹੈ।ਸਾਨੂੰ ਇਸ ਬਾਰੇ ਅਜੇ ਨਹੀਂ ਪਤਾ ਕਿ ਇਹ ਨੌਜਵਾਨ ਜ਼ਖਮੀ ਕਿਸ ਤਰ੍ਹਾਂ ਹੋਇਆ ਹੈ ਪਰ ਇਸ ਦੀ ਹਾਲਤ ਕਾਫ਼ੀ ਗੰਭੀਰ ਸੀ ਅਤੇ ਜੇਕਰ ਇਹ ਕੁਝ ਸਮਾਂ ਹੋਰ ਉੱਥੇ ਪਿਆ ਰਹਿੰਦਾ ਤਾਂ ਇਸ ਦੀ ਜਾਨ ਨੂੰ ਖ਼ਤਰਾ ਵੀ ਹੋ ਸਕਦਾ ਸੀ। ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਸੜਕ ਸੁਰੱਖਿਆ ਫੋਰਸ ਨੇ ਅੱਜ ਸਬ ਡਿਵੀਜ਼ਨ ਭਵਾਨੀਗੜ੍ਹ ਦੇ ਵਿੱਚ ਆਪਣੀ ਤਾਇਨਾਤੀ ਦੇ ਦੌਰਾਨ ਇਸ ਨੌਜਵਾਨ ਨੂੰ ਉਥੋਂ ਮੁੱਢਲੀ ਸਹਾਇਤਾ ਦੇ ਕੇ ਹਸਪਤਾਲ ਪਹੁੰਚਾਇਆ ਅਤੇ ਉਸ ਦੀ ਜਾਨ ਬਚਾ ਲਈ |