ਚੰਡੀਗੜ੍ਹ, 30 ਜਨਵਰੀ 2024: ਛੱਤੀਸਗੜ੍ਹ ਦੇ ਬੀਜਾਪੁਰ-ਸੁਕਮਾ ਸਰਹੱਦ ‘ਤੇ ਜੋਨਾਗੁਡਾ ਅਤੇ ਅਲੀਗੁਡਾ ਨੇੜੇ ਨਕਸਲੀਆਂ (Naxalites) ਨਾਲ ਗੋਲੀਬਾਰੀ ‘ਚ ਭਾਰਤੀ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ। ਇਸ ਦੌਰਾਨ 14 ਜਵਾਨ ਜ਼ਖਮੀ ਹੋਏ ਹਨ। ਜ਼ਖਮੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਉਹੀ ਸਥਾਨ ਹੈ ਜਿੱਥੇ 2021 ਵਿੱਚ 23 ਸੈਨਿਕਾਂ ਨੇ ਆਪਣੀ ਜਾਨ ਗਵਾਈ ਸੀ।
ਜਾਣਕਾਰੀ ਮੁਤਾਬਕ ਨਕਸਲੀਆਂ (Naxalites) ਨੇ ਮੰਗਲਵਾਰ ਸਵੇਰੇ ਟੇਕੁਲਗੁਡਮ ਕੈਂਪ ‘ਤੇ ਅਚਾਨਕ ਹਮਲਾ ਕਰ ਦਿੱਤਾ। ਇਸ ਘਟਨਾ ‘ਚ ਕੁੱਲ 17 ਜਵਾਨ ਜ਼ਖਮੀ ਹੋਏ ਸਨ, ਜਿਨ੍ਹਾਂ ‘ਚੋਂ 3 ਜਵਾਨ ਸ਼ਹੀਦ ਹੋ ਗਏ ਸਨ। ਜ਼ਖਮੀ ਜਵਾਨਾਂ ਨੂੰ ਹੈਲੀਕਾਪਟਰ ਰਾਹੀਂ ਜਗਦਲਪੁਰ ਮੈਡੀਕਲ ਕਾਲਜ ਰੈਫਰ ਕੀਤਾ ਗਿਆ। ਚਾਰ ਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਰਾਏਪੁਰ ਰੈਫਰ ਕਰ ਦਿੱਤਾ ਗਿਆ ਹੈ। ਕੋਬਰਾ ਬਟਾਲੀਅਨ ਅਤੇ ਡੀਆਰਜੀ ਦੇ ਜਵਾਨਾਂ ਨਾਲ ਮੁਕਾਬਲਾ ਅਜੇ ਵੀ ਜਾਰੀ ਹੈ।
ਜ਼ਖ਼ਮੀ ਜਵਾਨਾਂ ਨੇ ਦੱਸਿਆ ਕਿ ਸੁਕਮਾ ਪੁਲਿਸ ਨੇ ਅੱਜ ਹੀ ਟੇਕੁਲਗੁਡਮ ਵਿੱਚ ਸੁਰੱਖਿਆ ਬਲਾਂ ਦੇ ਜਵਾਨਾਂ ਲਈ ਨਵਾਂ ਕੈਂਪ ਖੋਲ੍ਹਿਆ ਹੈ। STF ਅਤੇ DRG ਦੇ ਜਵਾਨ ਕੈਂਪ ਦੇ ਨੇੜੇ ਜੋਨਾਗੁਡਾ-ਅਲੀਗੁਡਾ ਵੱਲ ਗਸ਼ਤ ਕਰ ਰਹੇ ਸਨ।