ਪਟਿਆਲਾ, 30 ਜਨਵਰੀ 2024: ਪੰਜਾਬੀ ਯੂਨੀਵਰਸਿਟੀ (Punjabi University) ਪਟਿਆਲਾ ਦਾ ਦਸਵਾਂ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਯੂਨੀਵਰਸਿਟੀ ਦੇ ਵਿਹੜੇ ਵਿੱਚ ਵੱਡੀ ਗਿਣਤੀ ਵਿੱਚ ਹੁੰਮ-ਹੁੰਮਾ ਕੇ ਪੁੱਜੇ ਪਾਠਕਾਂ ਪੁਸਤਕ-ਪ੍ਰੇਮੀਆਂ, ਪੰਜਾਬੀ ਭਾਸ਼ਾ ਸਾਹਿਤ ਅਤੇ ਸਭਿਆਚਾਰ ਦੇ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵਿਦਵਾਨਾਂ ਦੀ ਭਰਵੀਂ ਸ਼ਮੂਲੀਅਤ ਨਾਲ ਸ਼ੁਰੂ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਜਿਸਟਰਾਰ ਪ੍ਰੋਫੈਸਰ ਨਵਜੋਤ ਕੌਰ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ।
ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਗੁਰਮੁਖ ਸਿੰਘ ਨੇ ਦਸਵੇਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਦੀ ਰੂਪ-ਰੇਖਾ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਸ ਮੇਲੇ ਵਿੱਚ ਸੌ ਤੋਂ ਵੱਧ ਪ੍ਰਕਾਸ਼ਕ ਭਾਗ ਲੈ ਰਹੇ ਹਨ। ਇਸ ਦੇ ਨਾਲ ਹੀ ਪੰਜ ਦਿਨ ਵਿੱਚ ਸਮਾਂਤਰ ਰੂਪ ਵਿੱਚ ਚੱਲਣ ਵਾਲੇ ਵੱਖ-ਵੱਖ ਅਕਾਦਮਿਕ ਸ਼ੈਸਨਾਂ ਅਤੇ ਇਨ੍ਹਾਂ ਵਿੱਚ ਭਾਗ ਲੈਣ ਵਾਲੇ ਵੱਖ-ਵੱਖ ਵਿਦਵਾਨਾਂ ਬਾਰੇ ਵੀ ਦੱਸਿਆ।
ਮੇਲੇ ਦਾ ਉਦਘਾਟਨ ਸ.ਗੁਰਮੀਤ ਸਿੰਘ ਖੁੱਡੀਆਂ, ਖੇਤੀਬਾੜੀ ਮੰਤਰੀ, ਪੰਜਾਬ ਸਰਕਾਰ ਨੇ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਚੰਗੇ ਸ਼ਬਦਾਂ ਦੇ ਉਚਾਰਨ ਮੌਕੇ ਭੀੜ ਵੀ ਸੰਗਤ ਹੋ ਜਾਂਦੀ ਹੈ। ਅਸੀਂ ਕਿੰਨੇ ਵੀ ਸਿਆਣੇ ਹੋ ਜਾਈਏ ਜੇਕਰ ਅਸੀਂ ਆਪਣੇ ਸਾਹਿਤ ਜਾਂ ਭਾਸ਼ਾ ਨੂੰ ਭੁੱਲ ਜਾਈਏ ਤਾਂ ਸਾਡੀ ਸਿਆਣਪ ਕਿਸੇ ਕੰਮ ਦੀ ਨਹੀਂ।
ਪੁਸਤਕ ਸਭਿਆਚਾਰ ਸਾਡੇ ਜੀਵਨ ਦਾ ਅਭਿੰਨ ਅੰਗ ਹੋਣਾ ਚਾਹੀਦਾ। ਸਾਨੂੰ ਸਾਡੇ ਕਰਤੱਵ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ‘ਕਿਸਾਨ ਚੇਅਰ’ ਸਥਾਪਿਤ ਕਰਨ ਸੰਬੰਧੀ ਲੋੜੀਂਦੇ ਯਤਨ ਕਰਨ ਲਈ ਵੀ ਕਿਹਾ। ਇਸ ਮੌਕੇ ਉਨ੍ਹਾਂ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਤਿੰਨ ਲੱਖ ਰੁਪਏ ਇਸ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਲਈ ਯੂਨੀਵਰਸਿਟੀ (Punjabi University) ਨੂੰ ਦੇਣ ਦਾ ਐਲਾਨ ਕੀਤਾ।
ਮੁੱਖ ਭਾਸ਼ਣ ਡਾ. ਧਨਵੰਤ ਕੌਰ ਪ੍ਰਸਿੱਧ ਆਲੋਚਕ ਅਤੇ ਚਿੰਤਕ ਦੁਆਰਾ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ (Punjabi University) ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਅਤੇ ਮਾਨਵੀ ਚੇਤਨਾ ਦੇ ਵਿਕਾਸ ਸੰਬੰਧੀ ਹਮੇਸ਼ਾ ਹੀ ਬੜੇ ਨਿੱਗਰ ਅਤੇ ਅਰਥ-ਭਰਪੂਰ ਉਪਰਾਲੇ ਕੀਤੇ ਹਨ। ਵਰਤਮਾਨ ਸਮਿਆਂ ਦੇ ਖਪਤਕਾਰੀ ਦੌਰ ਵਿੱਚ ਪੁਸਤਕਾਂ ਖਰੀਦਣ ਵਿੱਚ ਸਾਡੀ ਦਿਲਚਸਪੀ ਹੋਣਾ ਸਾਡੇ ਸਕਾਰਤਮਕ ਇਨਸਾਨ ਹੋਣ ਦੀ ਗਵਾਹੀ ਭਰਦਾ ਹੈ। ਸਾਹਿਤ ਰਚਨਾਵਾਂ ਰਾਹੀਂ ਬੰਦੇ ਦੀ ਵੱਖਰੀ ਪਛਾਣ ਅਤੇ ਸਰਬ ਸਾਂਝੀ ਮਾਨਵੀ ਪਛਾਣ ਦੇ ਮਸਲੇ ਵਧੇਰੇ ਸਪੱਸ਼ਟਤਾ ਨਾਲ ਸਮਝੇ ਜਾ ਸਕਦੇ ਹਨ।
ਮੁੱਖ ਮਹਿਮਾਨ ਵਜੋਂ ਪ੍ਰਸਿੱਧ ਪੰਜਾਬੀ ਸ਼ਾਇਰ ਡਾ. ਸੁਰਜੀਤ ਪਾਤਰ ਪਹੁੰਚੇ। ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਸਮੇਂ ਵਰਚੂਅਲ ਵਿਹੜੇ ਵਿੱਚੋਂ ਨਿਕਲ ਕੇ ‘ਐਕਚੂਅਲ’ ਵਿਹੜੇ ਵਿੱਚ ਉਤਸਵ ਮਨਾਉਣੇ ਬੇਹੱਦ ਜ਼ਰੂਰੀ ਹਨ। ਪੁਸਤਕ ਸਭਿਆਚਾਰ ਨੂੰ ਪੈਦਾ ਕਰਨ ਵਿੱਚ ਯੋਗਦਾਨ ਪਾਉਣ ਦੇ ਲਿਹਾਜ਼ ਨਾਲ ਪੰਜਾਬੀ ਯੂਨੀਵਰਸਿਟੀ ਦਾ ਕੋਈ ਸਾਨੀ ਨਹੀਂ। ਸਾਡੇ ਮਨ ਨੂੰ ਬੋਲ ਬਾਣੀ ਪ੍ਰਭਾਵਿਤ ਕਰਦੀ ਹੈ ਸਮਾਜ ਨੂੰ ਬਦਲਣ ਦਾ ਕੰਮ ਬੋਲ-ਬਾਣੀ ਜਾਂ ਸ਼ਬਦ ਹੀ ਕਰਦੇ ਹਨ। ਲਫ਼ਜ਼ਾਂ ਦੇ ਪੁਲ ਸਾਨੂੰ ਸਦੀਆਂ ਤੋਂ ਪਾਰ ਲੈ ਕੇ ਜਾਂਦੇ ਹਨ। ਪੰਜਾਬ ਦੇ ਜ਼ਖ਼ਮੀ ਮਨ ਉੱਪਰ ਮਲ੍ਹਮ ਲਾਉਣ ਵਾਲੇ ਸ਼ਬਦ ਹੀ ਹਨ। ਸ਼ਬਦਾਂ ਦਾ ਸੋਹਣੇ ਹੋਣਾ ਅਤੇ ਸੱਚੇ ਹੋਣਾ ਸਾਹਿਤ ਦੀ ਲਾਜ਼ਮੀ ਜ਼ਰੂਰਤ ਹੈ।
ਪ੍ਰਸਿੱਧ ਪੰਜਾਬੀ ਫ਼ਿਲਮ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵਿਸ਼ੇਸ਼ ਮਹਿਮਾਨ ਵਜੋਂ ਉਨ੍ਹਾਂ ਕਿਹਾ ਕਿ ਉਹ ਪੰਜਾਬੀ ਭਾਸ਼ਾ ਦੇ ਪੁਰਾਣੇ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਬਹੁਤ ਪਿਆਰ ਕਰਦੇ ਹਨ। ਸਾਡੇ ਵਿਰਾਸਤੀ ਪੰਜਾਬੀ ਸ਼ਬਦਾਂ ਬਾਰੇ ਸਾਨੂੰ ਵਧੇਰੇ ਚੇਤਨ ਹੋਣ ਦੀ ਲੋੜ ਹੈ। ਅਸੀਂ ਪੀੜ੍ਹੀ-ਦਰ-ਪੀੜ੍ਹੀ ਆਪਣੇ ਸ਼ਬਦਾਂ ਦੀ ਸੰਭਾਲ ਕਰਦੇ ਰਹੀਏ। ਚੰਗੀਆਂ ਕਿਤਾਬਾਂ ਤੋਂ ਬਿਨਾਂ ਕਿਸੇ ਹੋਰ ਵਿੱਚ ਤਾਕਤ ਨਹੀਂ ਕਿ ਸਾਨੂੰ ਚੰਗੇ ਮਨੁੱਖ ਬਣਾ ਸਕੇ। ਇਸ ਮੌਕੇ ਉਨ੍ਹਾਂ ਨੇ ਆਪਣੀ ਕਲਾ ਦਾ ਨਮੂਨਾ ਪੇਸ਼ ਕਰਦਿਆਂ ਧੀਆਂ ਦੀ ਉਸਤਤ ਸੰਬੰਧੀ ਗਾਇਨ ਵੀ ਪੇਸ਼ ਕੀਤਾ। ਇਸ ਮੌਕੇ ਹਲਕਾ ਘਨੌਰ ਦੇ ਐਮ.ਐਲ.ਏ ਗੁਰਲਾਲ ਸਿੰਘ ਘਨੌਰ ਨੇ ਵੀ ਪੰਜਾਬੀ ਯੂਨੀਵਰਸਿਟੀ ਨੂੰ ਵਧਾਈ ਪੇਸ਼ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਪੰਜਾਬੀ ਬੋਲੀ ਅਤੇ ਆਪਣੇ ਪੰਜਾਬ ਉੱਪਰ ਹਮੇਸ਼ਾਂ ਮਾਣ ਕਰਨਾ ਚਾਹੀਦਾ ਹੈ।
ਵਾਈਸ ਚਾਂਸਲਰ ਪ੍ਰੋਫ਼ੈਸਰ ਅਰਵਿੰਦ ਨੇ ਕਿਹਾ ਕਿ ਭਾਸ਼ਾ ਉਦੋਂ ਹੀ ਅੱਗੇ ਵਧਦੀ ਹੈ ਜਦੋਂ ਤੁਸੀਂ ਉਸਨੂੰ ਸਮੇਂ ਦੇ ਹਾਣ ਦੀ ਬਣਾਉਂਦੇ ਹੋ। ਸਾਨੂੰ ਆਪਣੇ ਸ਼ਬਦ ਭੰਡਾਰ ਨੂੰ ਹੋਰ ਅਮੀਰ ਕਰਦੇ ਰਹਿਣ ਦੀ ਲੋੜ ਹੈ। ਸਾਨੂੰ ਨਵੀਂ ਤਕਨੀਕ ਦੀ ਮੱਦਦ ਨਾਲ ਇਹ ਕੰਮ ਕਰਨ ਲਈ ਪ੍ਰਤੀਬੱਧ ਹੋਣ ਦੀ ਲੋੜ ਹੈ। ਪੰਜਾਬੀ ਯੂਨੀਵਰਸਿਟੀ (Punjabi University) ਨੂੰ ਪੰਜਾਬੀਆਂ ਦੇ ਬੇਹਤਰ ਭਵਿੱਖ ਵੱਲ ਦੇਖਣਾ ਪਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਇਮਦਾਦ ਲਈ ਧੰਨਵਾਦ ਕੀਤਾ।
ਇਸ ਮੌਕੇ ਡਾ. ਨਾਹਰ ਸਿੰਘ ਦੀ ਪੁਸਤਕ ‘ਧਰਤੀ ਜੇਡ ਗਰੀਬ ਨਾ ਕੋਈ’, ਪ੍ਰੋਫੈਸਰ ਸੁਰਜੀਤ ਸਿੰਘ ਢਿੱਲੋਂ ਦੀ ਪੁਸਤਕ ‘ਵਿਸ਼ਵ ਜੀਵਨ ਅਤੇ ਜੀਨ’, ਡਾ ਰਾਜਵੰਤ ਕੌਰ ਪੰਜਾਬੀ ਦੀ ‘ਗਾਨਾ ਅਤੇ ਮਹਿੰਦੀ’ ਡਾ.ਗੁਰਸੇਵਕ ਲੰਬੀ ਦੀ ਪੁਸਤਕ ‘ਮੇਰਾ ਬਸਤਾ’ ਅਤੇ ਧਰਮ ਕੰਮੇਆਣਾ ਦੀਆਂ ਰਚੀਆਂ ਤਿੰਨ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ। ਉਦਘਾਟਨੀ ਸੈਸ਼ਨ ਦੇ ਅਖੀਰ ‘ਚ ਧੰਨਵਾਦੀ ਸ਼ਬਦ ਡੀਨ ਭਾਸ਼ਾਵਾਂ, ਪ੍ਰੋਫ਼ੈਸਰ ਰਾਜੇਸ਼ ਕੁਮਾਰ ਸ਼ਰਮਾ ਨੇ ਸਾਂਝੇ ਕੀਤੇ। ਇਸ ਮੌਕੇ ਡਾ ਜਸਵਿੰਦਰ ਸਿੰਘ, ਡਾ. ਰਜਿੰਦਰ ਲਹਿਰੀ, ਡਾ. ਪਰਮਜੀਤ ਕੌਰ ਬਾਜਵਾ ਇੰਚਾਰਜ ਪਬਲੀਕੇਸ਼ਨ ਬਿਊਰੋ, ਡਾ. ਦਰਸ਼ਨ ਸਿੰਘ ਆਸ਼ਟ ਸਮੇਤ ਹੋਰ ਸਾਹਿਤਕ ਸਖਸ਼ੀਅਤਾਂ ਹਾਜ਼ਰ ਸਨ। ਮੰਚ ਸੰਚਾਲਨ ਦੀ ਭੂਮਿਕਾ ਡਾ. ਗੁਰਸੇਵਕ ਸਿੰਘ ਲੰਬੀ ਨੇ ਨਿਭਾਈ।
ਉਦਘਾਟਨੀ ਸਮਾਰੋਹ ਤੋਂ ਬਾਅਦ ਸਾਹਿਤ ਉਤਸਵ ਦੀ ਪਹਿਲੀ ਬੈਠਕ ਜਿਸ ਦਾ ਵਿਸ਼ਾ ‘ਕਥਾਕਾਰੀ ਦੇ ਗੂੜ੍ਹ ਰਹੱਸਾਂ ਦੇ ਅੰਗ-ਸੰਗ’ ਬਾਅਦ ਦੁਪਹਿਰ ਸ਼ੁਰੂ ਹੋਈ। ਇਸ ਵਿੱਚ ਪੰਜਾਬੀ ਦੇ ਉੱਘੇ ਗਲਪਕਾਰ ਜਸਬੀਰ ਮੰਡ ਅਤੇ ਸੁਰਿੰਦਰ ਨੀਰ ਨਾਲ ਡਾ. ਜਸਪ੍ਰੀਤ ਕੌਰ ਬੈਂਸ ਵੱਲੋਂ ਸੰਵਾਦ ਰਚਾਇਆ ਗਿਆ। ਪੰਜਾਬੀ ਗਲਪ ਸਿਰਜਣਾ ਵਿੱਚ ਅਨੁਭਵ ਦੀ ਭੂਮਿਕਾ ਸੰਬੰਧੀ ਇਸ ਬੈਠਕ ਵਿੱਚ ਮਹੱਤਵਪੂਰਨ ਚਰਚਾ ਕੀਤੀ ਗਈ। ਪਹਿਲੇ ਦਿਨ ਦੀ ਦੂਸਰੀ ਬੈਠਕ ਜਿਸਦਾ ਵਿਸ਼ਾ ‘ਪੰਜਾਬੀ ਕਵਿਤਾ ਦਾ ਨਵਾਂ ਰੰਗ-ਰੂਪ: ਇੱਕ ਸੰਵਾਦ’ ਵਿਸ਼ੇ ਸੰਬੰਧੀ ਚਰਚਾ ਕੀਤੀ ਗਈ। ਇਸਦੀ ਪ੍ਰਧਾਨਗੀ ਡਾ.ਰਾਜਿੰਦਰਪਾਲ ਸਿੰਘ ਬਰਾੜ ਨੇ ਕੀਤੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਆਤਮ ਰੰਧਾਵਾ ਅਤੇ ਕਵੀ ਗੁਰਪ੍ਰੀਤ (ਮਾਨਸਾ) ਨੇ ਸ਼ਮੂਲੀਅਤ ਕੀਤੀ।
ਤਨਵੀਰ, ਕਿਰਤ, ਮਨਦੀਪ ਔਲਖ, ਕਰਨਜੀਤ ਕੋਮਲ, ਵਾਹਿਦ ਆਦਿ ਕਵੀਆਂ ਦੀ ਸ਼ਮੂਲੀਅਤ ਵਾਲੀ ਬੈਠਕ ਦੇ ਸੰਵਾਦ-ਕਰਤਾ ਵਜੋਂ ਭੂਮਿਕਾ ਬਲਵਿੰਦਰ ਸੰਧੂ ਨੇ ਨਿਭਾਈ। ਇਸ ਤੋਂ ਬਾਅਦ ਗਾਇਕ ਸਿਕੰਦਰ ਸਲੀਮ ਨੇ ਆਪਣੀ ਗਾਇਕੀ ਨਾਲ ਸਾਹਿਤ ਉਤਸਵ ਦੀ ਰੰਗਤ ਨੂੰ ਸੁਰ ਦੇ ਰੰਗ ਵਿੱਚ ਰੰਗਿਆ।