ਚੰਡੀਗੜ੍ਹ, 30 ਜਨਵਰੀ 2024: ਚੰਡੀਗੜ੍ਹ (Chandigarh) ਦੇ ਮੇਅਰ ਦੀ ਚੋਣ ਪੁਲਿਸ ਦੇ ਸਖ਼ਤ ਸੁਰੱਖਿਆ ਪਹਿਰੇ ਹੇਠ ਹੋ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਚੋਣਾਂ ਸਬੰਧੀ ਨਗਰ ਨਿਗਮ ਵਿੱਚ ਸ਼ਹਿਰ ਦੇ ਮੇਅਰ ਸਮੇਤ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਨੂੰ ਲੈ ਕੇ ਨਿਗਮ ਭਵਨ ਵਿੱਚ ਨਿਗਮ ਕੌਂਸਲਰਾਂ, ਨਿਗਮ ਅਧਿਕਾਰੀਆਂ ਤੇ ਕਰਮਚਾਰੀਆਂ ਤੋਂ ਇਲਾਵਾ ਹੋਰ ਕਿਸੇ ਬਾਹਰੀ ਵਿਅਕਤੀ, ਕੌਂਸਲਰਾਂ ਦੇ ਸਮਰਥਕਾਂ, ਪਾਰਟੀ ਆਗੂਆਂ ਤੇ ਦੂਜੇ ਰਾਜਾਂ ਦੀ ਪੁਲਿਸ ਦੇ ਦਾਖ਼ਲੇ ’ਤੇ ਰੋਕ ਲਾਈ ਗਈ ਹੈ।
ਜਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਆਦੇਸ਼ਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਹੋਣ ਵਾਲੀ ਇਸ ਚੋਣ ਸਬੰਧੀ ਨਿਗਮ ਪ੍ਰਸ਼ਾਸਨ ਸਮੇਤ ਚੰਡੀਗੜ੍ਹ ਪੁਲਿਸ ਵਿਭਾਗ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ ਤੇ ਪ੍ਰਸ਼ਾਸਨ ਸਮੇਤ ਨਗਰ ਨਿਗਮ ਤੇ ਪੁਲਿਸ ਮਹਿਕਮਾਂ ਮੇਅਰ ਦੀ ਚੋਣ ਸ਼ਾਂਤਮਈ ਢੰਗ ਨਾਲ ਕਰਵਾਉਣ ਲਈ ਪੱਬਾਂ ਭਾਰ ਹੈ।
ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਨਗਰ ਨਿਗਮ ਦੇ ਚੁਣੇ ਹੋਏ ਕੌਂਸਲਰ ਸ਼ਹਿਰ ਦੇ ਮੇਅਰ ਦੀ ਚੋਣ ਲਈ ਵੋਟਿੰਗ ਵਿੱਚ ਹਿੱਸਾ ਲੈਣਗੇ। ਨਗਰ ਨਿਗਮ ਦੇ ਕੁੱਲ 35 ਚੁਣੇ ਗਏ ਕੌਂਸਲਰਾਂ ਤੇ ਸੰਸਦ ਦੀ ਇੱਕ ਵੋਟ ਜੋੜ ਕੇ ਕੁੱਲ 36 ਵੋਟਾਂ ਬਣਦੀਆਂ ਹਨ। ਇਨ੍ਹਾਂ ਵਿੱਚੋਂ ‘ਆਪ’-ਕਾਂਗਰਸ ਗੱਠਜੋੜ (13 ‘ਆਪ’ ਤੇ 7 ਕਾਂਗਰਸ) ਕੋਲ 20 ਵੋਟਾਂ ਹਨ ਤੇ ਭਾਜਪਾ ਕੋਲ ਆਪਣੇ 14 ਕੌਂਸਲਰਾਂ ਤੇ ਸੰਸਦ ਮੈਂਬਰ ਦੀ ਇੱਕ ਵੋਟ ਸਮੇਤ ਕੁੱਲ 15 ਵੋਟਾਂ ਹਨ।
ਚੰਡੀਗੜ੍ਹ (Chandigarh) ਸ਼ਹਿਰ ਦੇ ਮੇਅਰ ਦਾ ਕਾਰਜਕਾਲ ਇੱਕ ਸਾਲ ਲਈ ਹੁੰਦਾ ਹੈ। ਨਿਗਮ ਦੇ ਮੌਜੂਦਾ ਮੇਅਰ ਦਾ ਕਾਰਜਕਾਲ ਇਸ ਮਹੀਨੇ 17 ਜਨਵਰੀ ਨੂੰ ਪੂਰਾ ਹੋ ਗਿਆ ਸੀ ਤੇ ਪ੍ਰਸ਼ਾਸਨ ਨੇ 18 ਨੂੰ ਨਵੇਂ ਮੇਅਰ ਦੀ ਚੋਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਸੀ।
ਮੇਅਰ ਦੀ ਚੋਣ ਤੋਂ ਪਹਿਲਾਂ ਨਿਗਮ ਭਵਨ ਵਿੱਚ ਹੋਏ ਸਿਆਸੀ ਹੰਗਾਮੇ ਨੂੰ ਲੈ ਕੇ ਪ੍ਰਸ਼ਾਸਨ ਨੇ 18 ਜਨਵਰੀ ਨੂੰ ਮੇਅਰ ਦੀ ਚੋਣ ਮੁਅੱਤਲ ਕਰ ਕੇ ਚੋਣ ਦੀ ਤਾਰੀਖ਼ 6 ਫਰਵਰੀ ਤੈਅ ਕੀਤੀ ਸੀ। ਪ੍ਰਸ਼ਾਸਨ ਦੇ ਇਸ ਫੈਸਲੇ ਖ਼ਿਲਾਫ਼ ‘ਆਪ’ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਦਾਇਰ ਕੀਤੀ ਪਟੀਸ਼ਨ ਤੋਂ ਬਾਅਦ ਕੋਰਟ ਨੇ ਮੇਅਰ ਦੀ ਚੋਣ 30 ਜਨਵਰੀ ਨੂੰ ਕਰਵਾਉਣ ਦੇ ਹੁਕਮ ਦਿੱਤੇ ਸਨ।